ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ‘ਪੌਣ-ਪਾਣੀ ਦੀ ਤਬਦੀਲੀ ਅਤੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਸੰਭਾਲ’ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ ਤਹਿਤ ਖੇਤੀ ਮੌਸਮ ਵਿਗਿਆਨ ਵਿਭਾਗ, ਭੂਮੀ ਵਿਗਿਆਨ ਅਤੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗਾਂ ਵੱਲੋਂ ਸਾਂਝੇ ਤੌਰ ਤੇ ਕਰਵਾਈ ਗਈ। ਰਾਜ ਦੇ ਵੱਖ-ਵੱਖ ਵਿਭਾਗਾਂ, ਡਾਇਰੈਕਟੋਰੇਟ ਵਾਟਰ ਰਿਸੋਰਸ ਅਤੇ ਭਾਰਤੀ ਖੇਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਤੋਂ 75 ਡੈਲੀਗੇਟ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ।
ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਪੀ.ਪੀ.ਐਸ. ਪੰਨੂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪਾਣੀ ਦੇ ਨਿਰੰਤਰ ਸੁੰਗੜ ਰਹੇ ਸਰੋਤਾਂ ਅਤੇ ਪੌਣ-ਪਾਣੀ ਦੀ ਤਬਦੀਲੀ ਸੰਬੰਧੀ ਫ਼ਿਕਰਮੰਦੀ ਜ਼ਾਹਿਰ ਕੀਤੀ। ਉਨ੍ਹਾਂ ਨੇ ਫ਼ਸਲੀ ਵਿਭਿੰਨਤਾ, ਪੌਣ-ਪਾਣੀ ਅਨੁਕੂਲ ਫ਼ਸਲੀ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ, ਪ੍ਰਭਾਵੀ ਸਿੰਚਾਈ ਵਿਧੀਆਂ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਜਿਹੇ ਤਰੀਕੇ ਅਪਣਾ ਕੇ ਪਾਣੀ ਦੇ ਸਰੋਤਾਂ ਨੂੰ ਬਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਭਾਰਤੀ ਖੇਤੀ ਵਿਗਿਆਨ ਵਿਭਾਗ ਨਵੀਂ ਦਿੱਲੀ ਦੇ ਉਪ ਨਿਰਦੇਸ਼ਕ ਜਨਰਲ ਡਾ. ਐਸ. ਡੀ. ਅਤਰੀ ਨੇ ‘ਪੌਣ-ਪਾਣੀ ਦੀ ਤਬਦੀਲੀ ਦਾ ਵਰਤਮਾਨ ਅਤੇ ਭਵਿੱਖੀ ਦ੍ਰਿਸ਼ ਅਤੇ ਇਸ ਦਾ ਫ਼ਸਲੀ ਚੱਕਰਾਂ ਉਪਰ ਪ੍ਰਭਾਵ’ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸੋਕਾ, ਵਣ ਅਗਨ, ਭੂਚਾਲ, ਹੜ, ਭੂ-ਖੋਰ, ਚੱਕਰਵਾਤ, ਤੂਫਾਨ ਅਤੇ ਭਾਰੀ ਮੀਂਹ ਜਿਹੀਆਂ ਕੁਦਰਤੀ ਸਮੱਸਿਆਵਾਂ ਪਿਛਲੇ ਸਮੇਂ ਵਿੱਚ ਲਗਾਤਾਰ ਵਾਪਰੀਆਂ ਹਨ।
ਭਾਰਤ ਵਿੱਚ ਹੀ ਨਹੀਂ ਵਿਸ਼ਵ ਵਿੱਚ ਵੀ ਪੌਣ-ਪਾਣੀ ਵਿੱਚ ਆਈ ਤਬਦੀਲੀ ਚਿੰਤਾਜਨਕ ਹੈ। ਇਸ ਨਾਲ ਭੋਜਨ ਅਤੇ ਮਨੁੱਖੀ ਜੀਵਨ ਦੀ ਸੁਰੱਖਿਆ ਲਈ ਭਿਆਨਕ ਖਤਰੇ ਉਪਜੇ ਹਨ। 1998 ਤੋਂ 2017 ਦੇ ਦਰਮਿਆਨ 5,26,000 ਲੋਕਾਂ ਦੀ ਜਾਨ ਗਈ ਜਦਕਿ ਇਸ ਦੇ ਨਾਲ ਹੀ 3.47 ਟ੍ਰਿਲੀਅਨ ਡਾਲਰ ਦਾ ਆਰਥਿਕ ਘਾਟਾ ਵੀ ਮੌਸਮੀ ਤਬਦੀਲੀ ਦੇ ਕਾਰਨ ਵਾਪਰਿਆ। ਡਾ. ਅਤਰੀ ਨੇ ਕਿਹਾ ਕਿ ਵਾਤਾਵਰਣ ਪੱਖੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਅਤੇ ਗਰੀਨ ਤਕਨਾਲੋਜੀਆਂ ਅਪਣਾ ਕੇ ਸਮਕਾਲੀ ਸਮੱਸਿਆਵਾਂ ਨੂੰ ਕਾਬੂ ਕਰਨ ਵੱਲ ਤੁਰਿਆ ਜਾ ਸਕਦਾ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹਾਈਡਰੋਲੋਜੀ ਰੁੜਕੀ ਉਤਰਾਖੰਡ ਦੇ ਵਿਗਿਆਨੀ ਡਾ. ਗੋਪਾਲ ਕ੍ਰਿਸ਼ਨ ਨੇ ਆਪਣੇ ਭਾਸ਼ਣ ਵਿੱਚ ਪਾਣੀ ਦੇ ਸਰੋਤਾਂ ਵਿਸ਼ੇਸ਼ ਕਰਕੇ ਧਰਤੀ ਹੇਠਲੇ ਪਾਣੀ ਸੰਬੰਧੀ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਭੋਜਨ ਦੀ ਵਧਦੀ ਮੰਗ ਦੇ ਮੱਦੇਨਜ਼ਰ ਸੰਸਾਰ ਪੱਧਰ ਤੇ ਪਾਣੀ ਦੀ ਲੋੜ ਵੀ 6 ਗੁਣਾ ਵਧੀ ਹੈ। ਪਾਣੀ ਦੀ ਲਗਾਤਾਰ ਹੋ ਰਹੀ ਦੁਰਵਰਤੋਂ ਨੇ ਇਸ ਸੰਬੰਧ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਉਤਰ ਪੱਛਮੀ ਭਾਰਤ ਵਿੱਚ 80% ਪਾਣੀ ਦੀ ਵਰਤੋਂ ਸਿੰਚਾਈ ਲਈ ਹੁੰਦੀ ਹੈ ਅਤੇ ਸਿੰਚਾਈ ਦੀਆਂ ਤਕਨੀਕਾਂ ਨੂੰ ਸੁਧਾਰ ਕੇ ਪਾਣੀ ਦੀ ਖਪਤ ਨੂੰ ਨਿਆਂਸ਼ੀਲ ਬਣਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪਾਣੀ ਅਤੇ ਭੂਮੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਕੇ.ਜੀ. ਸਿੰਘ ਨੇ ਮਹਿਮਾਨ ਭਾਸ਼ਣਕਾਰਾਂ, ਡੈਲੀਗੇਟਾਂ ਅਤੇ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ।
ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਧੰਨਵਾਦ ਦੇ ਸ਼ਬਦ ਕਹੇ ।ਇਸ ਮੌਕੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ।