ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ‘ਚ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਵਾਏ ਜਾਣ ਦੌਰਾਨ ਅੱਜ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸਦਨ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਸੰਸਦ ਭਵਨ ਕੰਪਲੈਕਸ ‘ਚ ਮੀਡੀਆ ਸਾਹਮਣੇ ਦਿੱਤੇ ਬਿਆਨ ‘ਚ ਸਦਨ ਵਿਚ ਸੁਚਾਰੂ ਢੰਗ ਨਾਲ ਕੰਮਕਾਜ ਹੋਣ ਦੀ ਉਮੀਦ ਜਤਾਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ਵਿਚ ਇਹ ਸੈਸ਼ਨ ਨਤੀਜਾਕਾਰੀ ਹੋਵੇ, ਸਾਰਥਕ ਚਰਚਾ ਲਈ ਸਮਰਪਿਤ ਹੋਵੇ, ਦੇਸ਼ ਦੀ ਜਨਤਾ ਜੋ ਜਵਾਬ ਚਾਹੁੰਦੀ ਹੈ, ਉਹ ਜਵਾਬ ਦੇਣ ਦੀ ਸਰਕਾਰ ਦੀ ਪੂਰੀ ਤਿਆਰੀ ਹੈ। ਸਾਰੇ ਵਿਰੋਧੀ ਧਿਰ ਦੇ ਆਗੂਆਂ ਨੂੰ ਅਪੀਲ ਹੈ ਕਿ ਤਿੱਖੇ ਸਵਾਲ ਪੁੱਛੋ ਪਰ ਸਦਨ ‘ਚ ਸ਼ਾਂਤ ਮਾਹੌਲ ਬਣਾ ਕੇ ਰੱਖੋ, ਜਿਸ ਨਾਲ ਸਰਕਾਰ ਨੂੰ ਜਵਾਬ ਦੇਣ ਦਾ ਮੌਕਾ ਮਿਲੇ। ਇਸ ਨਾਲ ਜਨਤਾ ਜਨਾਰਦਨ ਤੱਕ ਸੱਚ ਪਹੁੰਚਾਉਣ ਦਾ ਮੌਕਾ ਮਿਲਦਾ ਹੈ। ਇਸ ਨਾਲ ਜਨਤਾ ਦਾ ਭਰੋਸਾ ਵਧਦਾ ਹੈ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਯਾਨੀ ਕਿ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 13 ਅਗਸਤ ਤੱਕ ਚਲੇਗਾ। ਇਸ ਸੈਸ਼ਨ ‘ਚ ਮੋਦੀ ਸਰਕਾਰ 31 ਬਿੱਲ ਪਾਸ ਕਰਵਾਏਗੀ।
ਇਸ ਦੇ ਨਾਲ ਹੀ ਵਿਰੋਧੀ ਧਿਰ ਕਿਸਾਨਾਂ, ਕੋਰੋਨਾ ਤੇ ਬਚਾਅ ਸੇਵਾਵਾਂ ਵਿੱਚ ਹੜਤਾਲ ਨੂੰ ਅਪਰਾਧ ਐਲਾਨਣ ਨਾਲ ਸਬੰਧਤ ਆਰਡੀਨੈਂਸ ’ਤੇ ਸਰਕਾਰ ਦਾ ਘਿਰਾਓ ਕਰਨ ਦੀ ਵੀ ਤਿਆਰੀ ਕਰ ਰਹੀ ਹੈ।
ਇਸ ਸੈਸ਼ਨ ਤੋਂ ਪਹਿਲਾਂ 200 ਤੋਂ ਵੱਧ ਕਰਮਚਾਰੀਆਂ ਸਮੇਤ ਲੋਕ ਸਭਾ ਦੇ 444 ਮੈਂਬਰਾਂ ਤੇ ਰਾਜ ਸਭਾ ਦੇ 218 ਮੈਂਬਰਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੈਸ਼ਨ ਦੌਰਾਨ ਵੀ ਕੋਰੋਨਾ ਨਾਲ ਸਬੰਧਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਦੋਹਾਂ ਸਦਨਾਂ ਦੇ ਨੇਤਾਵਾਂ ਨੂੰ ਮੰਗਲਵਾਰ ਦੀ ਸ਼ਾਮ ਨੂੰ ਕੁਝ ਸਮਾਂ ਕੱਢਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਮਹਾਮਾਰੀ ਦੇ ਸਬੰਧ ਵਿਚ ਵਿਸਥਾਰਪੂਰਵਕ ਜਾਣਕਾਰੀ ਉਨ੍ਹਾਂ ਨੂੰ ਵੀ ਦੇਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਟੀਕਾ ਲਗਵਾਉਣ ਵਾਲਿਆਂ ਨੂੰ ‘ਬਾਹੂਬਲੀ’ ਕਰਾਰ ਦਿੱਤਾ ਅਤੇ ਕਿਹਾ ਕਿ ਦੇਸ਼ ‘ਚ ਹੁਣ ਤੱਕ 40 ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ। ਅੱਗੇ ਵੀ ਟੀਕਾਕਰਨ ਦਾ ਸਿਲਸਿਲਾ ਤੇਜ਼ ਰਫ਼ਤਾਰ ਨਾਲ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਅਜਿਹੀ ਮਹਾਮਾਰੀ ਹੈ, ਜਿਸ ਨੇ ਪੂਰੀ ਦੁਨੀਆ ਨੂੰ ਲਪੇਟ ‘ਚ ਲਿਆ ਹੈ। ਸਾਰਥਕ ਚਰਚਾ ਨਾਲ ਸੰਸਦ ਮੈਂਬਰਾਂ ਦੇ ਕਈ ਸਾਰੇ ਸੁਝਾਅ ਮਿਲਣਗੇ ਅਤੇ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਬਹੁਤ ਨਵਾਂਪਨ ਵੀ ਆ ਸਕਦਾ ਹੈ।