ਮਹਿੰਗੀ ਦਰਾਂ ਤੇ ਬਿਜਲੀ ਖਰੀਦ ਕੇ ਪੰਜਾਬ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਕਰ ਰਹੀ ਹੈ ਬਰਬਾਦ : ਅਮਨ ਅਰੋੜਾ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਆਪਣੀ ਗੂੜ੍ਹੀ ਨੀਂਦ ਤੋਂ ਜਾਗਦਿਆਂ ਹੁਣ ਬਿਜਲੀ ਖਰੀਦ ਸਮਝੌਤਿਆਂ ਤੇ ਵਿਚਾਰਾਂ ਕਰਨ ਦੀਆਂ ਖ਼ਬਰਾਂ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਇਕ ਵਾਰ ਫਿਰ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਝੋਕਣ ਵਾਲਾ ਫੈਸਲਾ ਕਰਾਰ ਦਿੱਤਾ ਹੈ। ਮੀਡੀਆ ਵਿੱਚ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਰਾਜ ਸੱਤਾ ‘ਤੇ ਕਾਬਜ ਰਹੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਪਾਰਟੀਆਂ ਨੇ ਬਿਜਲੀ ਖਰੀਦਣ ਦੇ ਨਾਂਅ ਕੀਤੇ ਸਮਝੌਤਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਦਾ ਹੀ ਕੰਮ ਕੀਤਾ ਹੈ, ਇਸੇ ਲਈ ਗਰਮੀ ਦੀ ਰੁੱਤ ਵਿੱਚ ਪੰਜਾਬ ਨੂੰ ਖੁਲ੍ਹੇ ਬਾਜਾਰ ਤੋਂ ਕੋਲ ਪਾਵਰ ਪਲਾਂਟਾਂ ਤੋਂ 12.40 ਰੁਪਏ ਅਤੇ 17 ਰੁਪਏ ਸੋਲਰ ਪਾਵਰ ਪਲਾਂਟਾਂ ਤੋਂ ਪ੍ਰਤੀ ਯੂਨਿਟ ਬਿਜਲੀ ਖ੍ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਰੋੜਾ ਨੇ ਕਿਹਾ ਕਿ ਸੂਬੇ ‘ਚ ਬਿਜਲੀ ਸਪਲਾਈ ਦੀ ਬਣੀ ਮਾੜੀ ਸਥਿਤੀ ਲਈ ਬਾਦਲ ਅਤੇ ਕੈਪਟਨ ਸਰਕਾਰਾਂ ਜਿੰਮੇਵਾਰ ਹਨ।

ਵਿਧਾਇਕ ਅਮਨ ਅਰੋੜਾ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਵੇਲੇ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤਿਆਂ ਅਤੇ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਤ ਦੀ ਗਰਮੀ ਵਿੱਚ ਪੰਜਾਬ ਦਾ ਬੱਚਾ ਬੱਚਾ ਘਰਾਂ ਤੋਂ ਬਾਹਰ ਨਿਕਲ ਕੇ ਧਰਨੇ ਪ੍ਰਦਰਸਨ ਕਰ ਰਿਹਾ ਹੈ ਅਤੇ ਟਿਊਬਵੈਲਾਂ ਦੀ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਮਜਬੂਰੀ ਵਸ ਝੋਨਾ ਖੇਤਾਂ ਵਿੱਚ ਵਾਹੁਣਾ ਪੈ ਰਿਹਾ ਹੈ।

ਅਰੋੜਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਬਾਦਲਾਂ ਵੱਲੋਂ ਕੀਤੇ ਗਏ ਬਿਜਲੀ ਸਮਝੌਤੇ ਰੱਦ ਕਰਨ ਅਤੇ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਇਆ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਾਲਾਂ ਤੋਂ ਜਅਿਾਦਾ ਸਮਾਂ ਹੋ ਗਿਆ ਹੈ, ਨਾ ਤਾਂ ਬਿਜਲੀ ਸਮਝੌਤੇ ਰੱਦ ਕੀਤੇ ਗਏ ਅਤੇ ਨਾ ਹੀ ਵਾਈਟ ਪੇਪਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੋਸ ਲਾਇਆ ਕਿ ਬਾਦਲਾਂ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਗਲਤ ਸਮਝੌਤੇ ਅਤੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਮਝੌਤੇ ਰੱਦ ਨਾ ਕੀਤੇ ਜਾਣ ਕਾਰਨ ਸੂਬੇ ਵਿੱਚ ਬਿਜਲੀ ਦੀ ਮਾੜੀ ਹਾਲਤ ਬਣੀ ਹੈ। ਗਲਤ ਸਮਝੌਤਿਆਂ ਕਾਰਨ ਜਿੱਥੇ ਥਰਮਲ ਪਲਾਂਟ ਬੰਦ ਹੋਣ ‘ਤੇ ਵੀ ਪੰਜਾਬ ਸਰਕਾਰ ਵੱਲੋਂ ਥਰਮਲ ਪ੍ਰਬੰਧਕਾਂ ਨੂੰ ਫਿਕਸ ਚਾਰਜ ਦੇਣਾ ਪੈਂਦਾ ਹੈ, ਉਥੇ ਹੀ ਬਿਜਲੀ ਦੀ ਪੂਰਤੀ ਲਈ ਪੰਜਾਬ ਨੂੰ ਖੁਲ੍ਹੇ ਬਾਜਾਰ ਤੋਂ 12.40 ਰੁਪਏ ਪ੍ਰਤੀ ਯੂਨਿਟ ਅਤੇ ਸੂਰਜੀ ਊਰਜਾ ਪਲਾਂਟਾਂ ਤੋਂ 17 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਪੈ ਰਹੀ ਹੈ।

ਅਮਨ ਅਰੋੜਾ ਨੇ ਬਾਦਲਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਅਕਾਲੀ ਸਰਕਾਰ ਵੇਲੇ ਕਿੰਨੇ ਸੋਲਰ ਪਾਵਰ ਪਲਾਂਟ ਅਤੇ ਕਿਸ ਕਿਸ ਦੇ ਨਾਂਅ ‘ਤੇ ਲਾਏ ਸਨ? ਅਜਿਹੇ ਸੋਲਰ ਪਾਵਰ ਪਲਾਂਟਾਂ ਤੋਂ 17 ਰੁਪਏ ਪ੍ਰਤੀ ਯੂਨਿਟ ਬਿਜਲੀ ਖ੍ਰੀਦਣ ਲਈ ਗੈਰ ਸਿਧਾਂਤਕ ਸਮਝੌਤੇ ਕਿਉਂ ਕੀਤੇ ਗਏ? ਉਨ੍ਹਾਂ ਦੋਸ ਲਾਇਆ ਕਿ ਬਾਦਲ ਸਰਕਾਰ ਨੇ ਕੋਲਾ ਥਰਮਲ ਪਲਾਂਟਾਂ ਸਮੇਤ ਸੋਲਰ ਪਾਵਰ ਪਲਾਂਟਾਂ ਤੋਂ ਵੀ ਮਹਿੰਗੀ ਬਿਜਲੀ ਖਰੀਦਣ ਦੇ ਸਮਝੌਤੇ ਕੀਤੇ ਹਨ, ਜਿਨਾਂ ਕਾਰਨ ਪੰਜਾਬ ਵਾਸੀਆਂ ਦੀ ਭਾਰੀ ਆਰਥਿਕ ਲੁੱਟ ਹੋ ਰਹੀ ਹੈ। ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਬਾਦਲਾਂ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਬਾਰੇ ਤੁਰੰਤ ਵਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਬਿਜਲੀ ਦੀ ਸਪਲਾਈ ਲਈ ਠੋਸ ਅਤੇ ਢੁੱਕਵੇਂ ਕਦਮ ਚੁੱਕੇ ਜਾਣ।

- Advertisement -

Share this Article
Leave a comment