ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ 22 ਫਰਵਰੀ, 1931 ਨੂੰ ਜਨਮੇ ਅਤੇ 90 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਅੱਜ ਤੜਕੇ ਆਈਵੀਵਾਈ ਹਸਪਤਾਲ, ਮੋਹਾਲੀ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਆਪਣਾ ਪਲੇਠਾ ਕਹਾਣੀ ਸੰਗ੍ਰਹਿ ‘ਜੁਗਨੂੰਆ ਦਾ ਕਬਰਿਸਤਾਨ’ 1981 ਵਿਚ ਸਾਹਿਤ ਜਗਤ ਦੀ ਝੋਲੀ ਪਾਇਆ। ਇਸ ਤੋਂ ਇਲਾਵਾ ਪੰਜ ਕਹਾਣੀ ਸੰਗ੍ਰਹਿ ‘ਇਬਨੇ ਮਰੀਅਮ’, ‘ਉਰਵਾਰ ਪਾਰ’, ‘ਖੱਪਰਾ ਮਹਿਲ’, ਅਟਾਰੀ ਬਾਜ਼ਾਰ’, ‘ਰੱਤ ਦਾ ਕੁੰਗ-ਸੰਨ 1984 ਦਾ ਸੱਚ’, ਦੋ ਜੀਵਨੀਆਂ ‘ਸਾਡੇ ਭਾਪਾ ਜੀ’ ਅਤੇ ‘ਪੱਕੇ ਪੁਰਾਣੇ ਪੁੱਲ’, ਇਕ ਕਾਵਿ ਸੰਗ੍ਰਹਿ ‘ਰਿਮ ਝਿਮ ਆਇਆ ਮੇਘਲਾ’ ਅਤੇ ਪੰਜ ਬਾਲ ਸਾਹਿਤ ਦੀਆਂ ਕਿਤਾਬਾਂ ‘ਰੈੱਡ ਫੀਵਰ ਬਨਾਮ ਲਾਲ ਬੁਖਾਰ’, ‘ਮੋਟੂ ਸੇਠ’, ‘ਨ੍ਹਾਈ ਨ੍ਹਾਈ ਕਰੀਏ’, ‘ਨਿੱਕੇ ਨਿੱਕੇ ਪੈਰ’ ਅਤੇ ‘ਬੱਬੀ ਦੇ ਕਾਰਨਾਮੇ’ ਲਿਖ ਕੇ ਸਾਹਿਤ ਜਗਤ ਦੀ ਝੋਲੀ ਪਾਈਆਂ। ਉਨ੍ਹਾਂ ਦੀ ਸਾਹਿਤਕ ਘਾਲਣਾ ਸਦਕਾ ਹੀ ਭਾਸ਼ਾ ਵਿਭਾਗ, ਪੰਜਾਬ ਨੇ ਕੁਝ ਸਮਾਂ ਪਹਿਲਾਂ ਹੀ ਤਾਰਨ ਗੁਜਰਾਲ ਜੀ ਨੂੰ ‘ਸ਼ਰੋਮਣੀ ਕਵੀ’ ਦਾ ਸਨਮਾਨ ਦੇਣ ਦਾ ਐਲਾਨ ਕੀਤਾ ਸੀ ਪਰ ਅਫ਼ਸੋਸ ਇਨਾਮ ਦੇਣ ਦੀ ਰਸਮ ਤੋਂ ਪਹਿਲਾਂ ਹੀ ਉਹ ਸਦੀਵੀ ਵਿਛੋੜਾ ਦੇ ਗਏ ਹਨ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਬੁਲਿਟਨ ‘ਪੰਜਾਬੀ ਲੇਖਕ’ ਦੇ ਸਹਿ-ਸੰਪਾਦਕ ਅਤੇ ਉਘੇ ਆਲੋਚਕ ਡਾ. ਗੁਰਮੇਲ ਸਿੰਘ ਦੇ ਮਾਤਾ ਅਜਮੇਰ ਕੌਰ ਜੀ ਅੱਜ ਸੁਰਗਵਾਸ ਹੋ ਗਏ ਹਨ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਭਾ ਦੀ ਸਮੁਚੀ ਕਾਰਜਕਾਰਨੀ ਵੱਲੋਂ ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਅਤੇ ਡਾ. ਗੁਰਮੇਲ ਸਿੰਘ ਦੇ ਮਾਤਾ ਅਜਮੇਰ ਕੌਰ ਜੀ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Share this Article
Leave a comment