ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ 98ਵੇਂ ਜਨਮ ਦਿਵਸ ‘ਤੇ ਅੱਜ ਸਥਾਨਕ ਬੇਅੰਤ ਸਿੰਘ ਮੈਮੋਰੀਅਲ, ਸੈਕਟਰ 42 ਵਿੱਚ ਸਰਬ ਧਰਮ ਪ੍ਰਾਥਨਾ ਸਭਾ ਕਰਵਾਈ ਗਈ। ਇਸ ਸਮਾਗਮ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਸਮਾਧ ਉਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਯਾਦ ਕੀਤਾ।
ਇਸ ਮੌਕੇ ਉਨ੍ਹਾਂ ਦੇ ਪੋਤਰੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਲਈ ਨਸ਼ਿਆਂ, ਅੱਤਵਾਦ, ਵੱਖਵਾਦ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣ ਦਾ ਪ੍ਰਣ ਦੋਹਰਾਇਆ। ਸਮਾਗਮ ਵਿਚ ਹਾਜ਼ਰ ਸਖਸ਼ੀਅਤਾਂ ਨੇ ਮਰਹੂਮ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਉਨਾਂ ਵੱਲੋਂ ਪੰਜਾਬ ‘ਚ ਅਮਨ-ਸ਼ਾਂਤੀ ਬਹਾਲ ਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖਾੜਕੂਵਾਦ ਦੌਰਾਨ ਨਿਭਾਈ ਭੂਮਿਕਾ ਦਾ ਜ਼ਿਕਰ ਕੀਤਾ।
ਹਾਜ਼ਰ ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਸ਼ਕਲਾਂ ਭਰੇ ਦੌਰ ‘ਚ ਜਿਸ ਨਿਡਰ ਤਰੀਕੇ ਨਾਲ ਮਰਹੂਮ ਸ. ਬੇਅੰਤ ਸਿੰਘ ਨੇ ਮੁੱਖ ਮੰਤਰੀ ਵੱਜੋਂ ਆਪਣੀਆਂ ਸੇਵਾਵਾਂ ਦਿੱਤੀਆਂ, ਓਸ ਲਈ ਉਨਾਂ ਨੂੰ ਇਕ ਸਮਰਪਿਤ ਆਗੂ ਵੱਜੋਂ ਯਾਦ ਕੀਤਾ ਜਾਂਦਾ ਰਹੇਗਾ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਵਿਚ ਭਾਈਚਾਰਕ ਸਾਂਝ, ਏਕਤਾ ਅਤੇ ਅਪਣੱਤ ਬਣਾਈ ਰੱਖਣ ਲਈ ਅਣਥੱਕ ਯਤਨ ਕੀਤੇ ਗਏ ਜਿਸ ਸਦਕਾ ਸੂਬਾ ਮੁੜ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ਪਿਆ। ਉਨਾਂ ਸੂਬੇ ਦੇ ਲੋਕਾਂ ਖਾਤਰ ਆਪਣੀ ਜਾਨ ਵੀ ਦਾਅ ‘ਤੇ ਲਾ ਦਿੱਤੀ। ਉਨਾਂ ਵੱਲੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਕਰਕੇ ਪੰਜਾਬ ਉੱਨਤੀ ਦਾ ਨਵਾਂ ਅਧਿਆਏ ਲਿਖ ਸਕਿਆ। ਇਸ ਮੌਕੇ ਲੋਕਾਂ ਨੇ ਪ੍ਰਣ ਲਿਆ ਕਿ ਉਹ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਅਤੇ ਪੰਜਾਬਵਾਸੀਆਂ ਦੀ ਖੁਸ਼ੀ ਤੇ ਉੱਨਤੀ ਲਈ ਸਾਬਕਾ ਮੁੱਖ ਮੰਤਰੀ ਵੱਲੋਂ ਪਾਏ ਪੂਰਨਿਆਂ ‘ਤੇ ਡੱਟ ਕੇ ਪਹਿਰਾ ਦਿੰਦੇ ਰਹਿਣਗੇ।
ਸਰਬ ਧਰਮ ਪ੍ਰਾਥਨਾ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ., ਸੰਜੇ ਤਲਵਾਰ ਅਤੇ ਅੰਗਦ ਸੈਣੀ, ਸਾਬਕਾ ਮੰਤਰੀ ਅਤੇ ਮਰਹੂਮ ਬੇਅੰਤ ਸਿੰਘ ਦੇ ਸਪੁੱਤਰ ਤੇਜਪ੍ਰਕਾਸ਼ ਸਿੰਘ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸੰਧੂ, ਮੇਅਰ ਬਲਕਾਰ ਸੰਧੂ, ਮਲਕੀਤ ਸਿੰਘ ਦਾਖਾ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਮੈਂਬਰ ਅਤੇ ਸਿਆਸੀ ਤੇ ਸਮਾਜਿਕ ਆਗੂ ਹਾਜ਼ਰ ਸਨ।
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ 98ਵੇਂ ਜਨਮ ਦਿਵਸ ਮੌਕੇ ਸਰਬ ਧਰਮ ਪ੍ਰਾਥਨਾ ਸਭਾ
Leave a Comment
Leave a Comment