ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਵੱਡੀ ਗਿਣਤੀ ‘ਚ ਅਮਰੀਕੀ ਉਤਪਾਦਾਂ ‘ਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ। ਟਰੰਪ ਨੇ ਲੌਸ ਵੇਗਾਸ ਵਿਚ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਭਾਰਤ ਸਾਡੇ ਤੋਂ ਕਾਫੀ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ ਤੇ ਇਸ ਮੂਰਖਤਾ ਵਾਲੇ ਕਾਰੋਬਾਰ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਮਹਾਨ ਦੇਸ਼, ਮਹਾਨ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਚੀਜ਼ਾਂ ਲਈ ਸਾਡੇ ਤੋਂ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਥੇ ਅਮਰੀਕਾ ਵੱਲੋਂ ਭਾਰਤ ਦੇ ਅਜਿਹੇ ਉਤਪਾਦਾਂ ‘ਤੇ ਕੋਈ ਵੀ ਡਿਊਟੀ ਨਹੀਂ ਲਈ ਜਾ ਰਹੀ। ਇਸ ਤਰ੍ਹਾਂ ਦੇ ਕਾਰੋਬਾਰ ਨਾਲ ਅਮਰੀਕਾ ਨੂੰ ਘਾਟਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਡਿਊਟੀ ਵਸੂਲਣ ਵਾਲਾ ਦੇਸ਼ ਦੱਸਿਆ ਸੀ।
ਟਰੰਪ ਨੇ ਕਿਹਾ ਸੀ ਕਿ ਉਹ ਭਾਰਤ ਲਈ ਡਿਊਟੀ ਮੁਕਤ ਟਰੀਟਮੈਂਟ ਨੂੰ ਖਤਮ ਕਰਨ ਦਾ ਇਰਾਦਾ ਰੱਖਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜੀਐੱਸਪੀ ਦੇ ਤਹਿਤ ਜੇਕਰ ਭਾਗੀਦਾਰੀ ਖਤਮ ਹੁੰਦੀ ਹੈ ਤਾਂ 2017 ‘ਚ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੀ ਇਹ ਭਾਰਤ ਖਿਲਾਫ ਸਭ ਤੋਂ ਵੱਡੀ ਕਾਰਵਾਈ ਹੋਵੇਗੀ।