ਚੰਡੀਗੜ੍ਹ: ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਝੂਠ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਮੋਨਾ ਜੈਸਵਾਲ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਤੋਂ ਪੁੱਛਣਾ ਚਾਹੁੰਦੀ ਹੈ ਕਿ ਕਿ ਉਨ੍ਹਾਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੇ ਐਲਾਨ ਤੋਂ ਪਹਿਲਾਂ ਦਿੱਲੀ ਦੀਆਂ ਔਰਤਾਂ ਲਈ ਵੀ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕੀਤਾ ਹੈ? ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਹੈ, ਕੇਜਰੀਵਾਲ ਚਾਹੇ ਤਾਂ ਉੱਥੇ ਐਸਾ ਕਰ ਸਕਦੇ ਹਨ, ਪਰ ਕੇਜਰੀਵਾਲ ਦੀ ਨੀਅਤ ‘ਚ ਖੋਟ ਹੈ। ਮੋਨਾ ਜੈਸਵਾਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ ਝੂਠੀਆਂ ਗਾਰੰਟੀਆਂ ‘ਚ ਫਸਾ ਕੇ ਮਹਿਲਾ ਵੋਟਰਾਂ ਨੂੰ ਗੁੰਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ।
ਮੋਨਾ ਜੈਸਵਾਲ ਨੇ ਵਿਅੰਗ ਕਸਦਿਆਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰ ਬਣਾਉਂਦੇ ਸਮੇਂ ਆਪਣੇ ਚੋਣ ਮਨੋਰਥ ਪੱਤਰ ਵਿੱਚ 10 ਗਾਰੰਟੀ ਕਾਰਡ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿੱਚ ਔਰਤਾਂ ਦੀ ਸੁਰੱਖਿਆ ਵੀ ਸ਼ਾਮਲ ਸੀ। ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਲਈ ਬੱਸਾਂ ਵਿੱਚ ਮਾਰਸ਼ਲ ਤਾਇਨਾਤ ਕਰਨ ਦੇ ਨਾਲ-ਨਾਲ ਮੁਹੱਲਾ ਮਾਰਸ਼ਲ ਤਾਇਨਾਤ ਕਰਨਾ, ਸੀਸੀਟੀਵੀ ਕੈਮਰੇ ਲਾਉਣਾ, ਸਟਰੀਟ ਲਾਈਟਾਂ ਲਾਉਣ ਦੀ ਗੱਲ ਕੀਤੀ ਸੀ, ਇਹ ਸਭ ਅੱਜ ਹਵਾ-ਹਵਾਈ ਐਲਾਨ ਹੋ ਗਏ ਹਨ। ਹੁਣ ਉਹ ਪੰਜਾਬ ਦੀਆਂ ਔਰਤਾਂ ਨੂੰ ਵੀ ਧੋਖਾ ਦੇਣਾ ਚਾਹੁੰਦੇ ਹਨ।
ਮੋਨਾ ਜੈਸਵਾਲ ਨੇ ਕਿਹਾ ਕਿ ਕੇਜਰੀਵਾਲ ਮੀਂਹ ਦੇ ਡੱਡੂ ਵਾਂਗ ਹਨ, ਜੋ ਚੋਣਾਂ ਨੇੜੇ ਆਉਂਦੇ ਹੀ ਔਰਤਾਂ ਨੂੰ ਲੁਭਾਉਣ ਲਈ ਖੁੱਲ੍ਹੇਆਮ ਐਲਾਨ ਕਰਕੇ ਸੱਤਾ ਹਥਿਆਉਣਾ ਚਾਹੁੰਦੇ ਹਨ। ਮੋਨਾ ਜੈਸਵਾਲ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ‘ਚ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਦਿੱਲੀ ਦੀ ਚਿੰਤਾ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਸ਼ਾਸਨ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਾਲਾਤ ਪਿਛਲੀਆਂ ਸਰਕਾਰਾਂ ਨਾਲੋਂ ਵੀ ਬਦਤਰ ਹੋ ਗਏ ਹਨ। ਮੋਨਾ ਜੈਸਵਾਲ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਭਾਜਪਾ ਨੂੰ ਵੋਟ ਪਾਉਣਗੀਆਂ ਅਤੇ ਕੇਜਰੀਵਾਲ ਨੂੰ ਪੰਜਾਬ ‘ਚੋਂ ਬਾਹਰ ਕਢਣ ਲਈ ਕੰਮ ਕਰਨਗੀਆਂ।