ਚੰਡੀਗੜ੍ਹ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਵਿੱਚ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਲਈ ‘ਪੰਜ ਪਿਆਰੇ’ ਸ਼ਬਦ ਦੀ ਵਰਤੋਂ ਕੀਤੀ ਸੀ। ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਸ਼ਹੀਦ ਉਧਮ ਸਿੰਘ ਨਗਰ ਵਿਖੇ ਗੁਰੂਘਰ ਦੀ ਸਫਾਈ ਕੀਤੀ ਅਤੇ ਸੰਗਤਾਂ ਦੇ ਜੁੱਤੇ ਸਾਫ਼ ਕਰਕੇ ਆਪਣੀ ਭੁੱਲ ਬਖਸ਼ਾਈ।
ਪਰ ਫਿਰ ਵੀ ਯੂਥ ਅਕਾਲੀ ਦਲ ਉਨ੍ਹਾਂ ਨੂੰ ਅਜੇ ਬਖਸ਼ਣ ਦੇ ਮੂਡ ਵਿਚ ਨਹੀਂ ਹੈ। ਯੂਥ ਅਕਾਲੀ ਦਲ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ। ਯੂਥ ਅਕਾਲੀ ਦਲ ਵੱਲੋਂ ਰਾਵਤ ਦਾ ਪੁਤਲਾ ਵੀ ਸਾੜਿਆ ਗਿਆ ਸੀ ਅਤੇ ਹੁਣ ਉਹ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਕਰ ਰਹੇ ਹਨ।ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਇਹ ਸ਼ਿਕਾਇਤ ਅੱਜ 11.30 ਵਜੇ ਦਿੱਤੀ ਜਾਣੀ ਹੈ।
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਨੇ ਅਜਿਹਾ ਬਿਆਨ ਦੇ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਲਈ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।