ਬੜੇ ਗੰਭੀਰ ਨੇ ਡੀਜੀਪੀ ਤੇ ਮੰਤਰੀ ਆਸ਼ੂ ਦੇ ਮੁੱਦੇ, ਸਿਰੇ ਤੱਕ ਦੀ ਲੜਾਈ ਲੜਾਂਗੇ- ਹਰਪਾਲ ਸਿੰਘ ਚੀਮਾ

TeamGlobalPunjab
2 Min Read

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੈ ਕਿ ਡੀਜੀਪੀ ਪੰਜਾਬ ਦਾ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਦਿੱਤਾ ਬਿਆਨ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ‘ਅੱਤਵਾਦੀ ਕੁਨੈਕਸ਼ਨ’ ਬੇਹੱਦ ਗੰਭੀਰ ਮੁੱਦੇ ਹਨ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਮੁੱਦਿਆਂ ‘ਤੇ ਲੋਕਾਂ ਦੀ ਕਚਹਿਰੀ ‘ਚ ਜਾ ਕੇ ਸਿਰੇ ਤੱਕ ਦੀ ਲੜਾਈ ਲੜੇਗੀ।
ਹਰਪਾਲ ਸਿੰਘ ਚੀਮਾ ਵਿਧਾਨ ਸਭਾ ਪ੍ਰੈਸ ਗੈਲਰੀ ‘ਚ ਆਪਣੇ ਸਾਥੀ ਵਿਧਾਇਕਾਂ ਨਾਲ ਮੀਡੀਆ ਦੇ ਰੂਬਰੂ ਸਨ। ਚੀਮਾ ਨੇ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ ‘ਚ ਡੀਜੀਪੀ ਦਿਨਕਰ ਗੁਪਤਾ ਅਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਦਿੱਤਾ ਕਲੀਨ ਚਿੱਟ ਪੂਰੀ ਤਰਾਂ ਰੱਦ ਕਰ ਦਿੱਤੀ ਹੈ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੰਚਕੂਲਾ ‘ਚ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਦਿੱਤਾ ਗਿਆ ਬਿਆਨ ਆਪਮੁਹਾਰਾ ਨਹੀਂ ਸੀ, ਇਹ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਇਸ਼ਾਰੇ ‘ਤੇ ਦਿੱਤਾ ਗਿਆ ਬਿਆਨ ਹੈ। ਚੀਮਾ ਨੇ ਇਹ ਵੀ ਕਿਹਾ ਕਿ ਦਿਨਕਰ ਗੁਪਤਾ ਦੀ ਨਿਯੁਕਤੀ ਵੀ ਕੇਂਦਰ ਸਰਕਾਰ ਦੇ ਦਬਾਅ ਥੱਲੇ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੀਜੀਪੀ ਅਤੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰਾਂ ਭਾਜਪਾ ਅਤੇ ਆਰਐਸਐਸ ਦੀ ਭਾਸ਼ਾ ਬੋਲ ਰਹੇ ਹਨ ਜੋ ਪੰਜਾਬ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਲਈ ਖ਼ਤਰਾ ਹੈ।
ਚੀਮਾ ਨੇ ਖ਼ਦਸ਼ਾ ਜਤਾਇਆ ਕਿ ਕੁੱਝ ਏਜੰਸੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਮੋੜ ਬੰਬ ਧਮਾਕੇ ਦੀ ਤਰਜ਼ ‘ਤੇ ਅਸ਼ਾਂਤੀ ਫੈਲਾਅ ਸਕਦੀਆਂ ਹਨ। ਉਨ੍ਹਾਂ ਮੋੜ ਬੰਬ ਧਮਾਕੇ ਜਿਸ ‘ਚ 4 ਬੱਚਿਆਂ ਸਮੇਤ 9 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਦੇ ਅਜੇ ਤੱਕ ਦੋਸ਼ੀ ਨਾ ਫੜੇ ਜਾਣ ‘ਤੇ ਵੀ ਸਵਾਲ ਉਠਾਏ। ਚੀਮਾ ਨੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ ‘ਤੇ ਕਿਹਾ ਕਿ ‘ਆਪ’ ਦੀ ਲੀਗਲ ਵਿੰਗ ਦੀ ਟੀਮ ਆਸ਼ੂ ਨਾਲ ਸੰਬੰਧਿਤ ਕੇਸਾਂ ਨੂੰ ਹਾਈਕੋਰਟ ‘ਚ ਲੈ ਕੇ ਜਾਵੇਗੀ।

Share this Article
Leave a comment