ਮੁੰਬਈ: ਯੈੱਸ ਬੈਂਕ ਦੇ ਮੁਸ਼ਕਲਾਂ ‘ਚ ਘਿਰਨ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਹੈ ਕਿ ਖਾਤਾਧਾਰਕਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਉਹ ਸਾਰੇ ਬੈਂਕਾਂ ’ਤੇ ਨੇੜਿਉ ਨਜ਼ਰ ਰੱਖ ਰਹੇ ਹਨ।
ਆਰਬੀਆਈ ਨੇ ਕਿਹਾ ਕਿ ਬੈਂਕਾਂ ਚ ਖਾਤੇ ਸੁਰੱਖਿਅਤ ਹੋਣ ਬਾਰੇ ਜਤਾਏ ਗਏ ਖ਼ਦਸ਼ੇ ਫਜ਼ੂਲ ਅਧਿਐਨ ‘ਤੇ ਆਧਾਰਿਤ ਹਨ। ਇਸ ਤੋਂ ਪਹਿਲਾਂ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾਮੂਰਤੀ ਸੁਬਰਾਮਣੀਅਨ ਨੇ ਵੀ ਕਿਹਾ ਸੀ ਕਿ ਭਾਰਤੀ ਬੈਂਕਾਂ ਚ ਬਹੁਤ ਪੂੰਜੀ ਹੈ ਅਤੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਪ੍ਰੈੱਸ ਬੈਂਕ ਦੇ ਖਾਤਾਧਾਰਕਾਂ ਲਈ ਪੈਸਾ ਕਢਵਾਉਣ ਦੀ ਹੱਦ 50 ਹਜ਼ਾਰ ਰੁਪਏ ਤੈਅ ਕਰਨ ਮਗਰੋਂ ਹਫ਼ੜਾ-ਦਫ਼ੜੀ ਮਚ ਗਈ ਸੀ।
ਉਧਰ ਦੂਜੇ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ (62) ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਹੇਠ ਐਤਵਾਰ ਸਵੇਰੇ ਤਿੰਨ ਵਜੇ ਗ੍ਰਿਫ਼ਤਾਰ ਕਰ ਲਿਆ ਗਿਆ। 20 ਘੰਟੇ ਤੋਂ ਵੱਧ ਸਮੇਂ ਤਕ ਪੁੱਛ-ਗਿੱਛ ਕਰਨ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ ਹੈ।
ਉਸ ਨੂੰ ਮੁੰਬਈ ਦੀ ਅਦਾਲਤ ‘ਚ ਪੇਸ਼ ਕਰ 11 ਮਾਰਚ ਤਕ ਈਡੀ ਦੀ ਹਿਰਾਸਤ ਚ ਭੇਜ ਦਿੱਤਾ ਗਿਆ। ਈਡੀ ਵੱਲੋਂ ਉਸ ਦੀ ਪਤਨੀ ਅਤੇ ਧੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।