ਸਿਆਸੀ ਲਾਹਾ ਲੈਣ ਲਈ ਧੜਾਧੜ ਐਲਾਨ ਕਰ ਰਹੀ ਹੈ ਚੰਨੀ ਸਰਕਾਰ ਦੇ ਦਾਅਵੇ ਜ਼ਮੀਨੀ ਪੱਧਰ ‘ਤੇ ਹਕੀਕਤ ਤੋਂ ਸੱਖਣੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਕਰਜ਼ਾ ਮੁਆਫ਼ੀ ਦੀ ਰਕਮ ਨਾ ਮਿਲਣ ‘ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੁਰੰਤ ਸਹਿਕਾਰੀ ਅਦਾਰਿਆਂ ਵਿੱਚ ਪੈਸੇ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਰਜ਼ਾ ਮੁਆਫ਼ੀ ਦੇ ਚੈਕ ਹੱਥਾਂ ਵਿੱਚ ਫੜੀ ਸਭਾਵਾਂ ‘ਚ ਗੇੜੇ ਮਾਰ ਰਹੇ ਲਾਭਪਾਤਰੀਆਂ ਨੂੰ ਸਮੇਂ ‘ਤੇ ਪੈਸੇ ਮਿਲ ਸਕਣ।
ਉਨ੍ਹਾਂ ਨੇ ਚੰਨੀ ਸਰਕਾਰ ‘ਤੇ ਛੋਟੀ ਤੇ ਵੱਡੀ ਰਕਮ ਦੇ ਲਾਭਪਾਤਰੀਆਂ ਨਾਲ ਵਿਤਕਰਾ ਕਰਨ ਦਾ ਵੀ ਦੋਸ਼ ਲਾਇਆ ਹੈ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਸਿਆਸੀ ਲਾਹਾ ਲੈਣ ਲਈ ਮੁੱਖ ਮੰਤਰੀ ਚੰਨੀ ਜਗ੍ਹਾਂ-ਜਗ੍ਹਾਂ ਜਾ ਕੇ ਧੜਾਧੜ ਐਲਾਨ ਕਰ ਰਹੇ ਹਨ ਜਦਕਿ ਅਸਲੀਅਤ ਵਿੱਚ ਉਨ੍ਹਾਂ ਵੱਲੋਂ ਹੁਣ ਤੱਕ ਕੀਤੇ ਗਏ ਸਾਰੇ ਦਾਅਵੇ ਅਤੇ ਵਾਅਦੇ ਝੂਠੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਬਹੇਹੱਦ ਸ਼ਰਮ ਦੀ ਗੱਲ ਹੈ ਕਿ ਹਾਕਮ ਧਿਰ ਵੱਲੋਂ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਚੈਕ ਤਾਂ ਦੇ ਦਿੱਤੇ ਪਰ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕਾਂ ਵਿੱਚ ਰਕਮ ਨਹੀ ਭੇਜੀ ਗਈ ਹੈ ਜਿਸ ਨਾਲ ਪਿਛਲੇ ਕਈਂ ਦਿਨਾਂ ਤੋਂ ਲਾਭਪਾਤਰੀ ਸਹਿਕਾਰੀ ਅਦਾਰਿਆਂ ਦੇ ਚੱਕਰ ਕੱਟ ਰਹੇ ਹਨ ਅਤੇ ਪ੍ਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਚੋਣਾਂ ਦੇ ਸਨਮੁੱਖ ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੇ ਚੈਕ ਲਾਭਪਾਤਰੀਆਂ ਨੂੰ ਧੜਾਧੜ ਵੰਡੇ ਗਏ ਹਨ ਅਤੇ ਇਕੱਲੇ ਜਿ਼ਲ੍ਹਾ ਬਠਿੰਡਾ ਵਿੱਚ ਲਗਪਗ 15 ਕਰੋੜ ਰੁਪਏ ਦੇ ਚੈੱਕ ਵੰਡੇ ਗਏ ਹਨ ਪਰ ਕਰੀਬ 9 ਕਰੋੜ ਰੁਪਏ ਹੀ ਖਾਤਿਆਂ ਵਿੱਚ ਆਏ ਹਨ।
ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕ ਕੇਵਲ 21 ਹਜ਼ਾਰ ਰੁਪਏ ਤੱਕ ਦੀ ਰਕਮ ਦਾ ਭੁਗਤਾਰ ਕਰ ਰਹੇ ਹਨ ਜਦਕਿ ਇਸ ਤੋਂ ਉਪਰ ਦੀ ਰਕਮ ਵਾਲੇ ਲਾਭਪਾਤਰੀਆਂ ਨੂੰ ਵਾਪਸ ਜਾਣਾ ਪੈ ਰਿਹਾ ਹੈ।
ਢੀਂਡਸਾ ਨੇ ਸਵਾਲ ਕੀਤਾ ਕਿ ਜਦੋਂ ਛੋਟੀ ਅਤੇ ਵੱਡੀ ਰਕਮ ਦੇ ਲਾਭਪਾਤਰੀਆਂ ਨੂੰ ਚੈੱਕ ਇੱਕੋਂ ਸਮੇਂ ਦਿੱਤੇ ਗਏ ਤਾਂ ਭੁਗਤਾਨ ਵਿੱਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ੱਟ ਹੁੰਦਾ ਹੈ ਕਿ ਚੰਨੀ ਸਰਕਾਰ ਦੀ ਨੀਤੀ ਅਤੇ ਨੀਅਤ ਲੋਕ ਪੱਖੀ ਨਹੀ ਹੈ। ਚੰਨੀ ਸਰਕਾਰ ਅਗਾਮੀ ਚੋਣਾਂ ਵਿੱਚ ਕੇਵਲ ਸਿਆਸੀ ਲਾਹਾ ਲੈਣ ਲਈ ਜ਼ੋਰ-ਸ਼ੋਰ ਨਾਲ ਐਲਾਨ ਤੇ ਐਲਾਨ ਕਰ ਰਹੀ ਹੈ ਜਦਕਿ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਕੋਈ ਸਹੂਲਤ ਨਹੀ ਮਿਲ ਰਹੀ ਹੈ, ਉਲਟਾ ਲੋਕ ਪ੍ਰੇਸ਼ਾਨ ਹੋ ਰਹੇ ਹਨ।