ਬੀਜ ਉਤਪਾਦਨ ਦੀਆਂ ਨਵੀਆਂ ਤਕਨੀਕਾਂ ਬਾਰੇ ਫਾਰਮ ਸਟਾਫ਼ ਨੂੰ ਦਿੱਤੀ ਸਿਖਲਾਈ

TeamGlobalPunjab
2 Min Read

ਲੁਧਿਆਣਾ : ਨਿਰਦੇਸ਼ਕ (ਬੀਜ) ਦਫਤਰ, ਪੀ.ਏ.ਯੂ., ਲੁਧਿਆਣਾ ਵੱਲੋਂ ‘ਬੀਜ ਉਤਪਾਦਨ ਅਤੇ ਗਰੇਡਿੰਗ’ ਬਾਰੇ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਯੂਨੀਵਰਸਿਟੀ ਬੀਜ ਫਾਰਮਾਂ ਅਤੇ ਖੋਜ ਕੇਂਦਰਾਂ ਤੋਂ ਆਏ ਫਾਰਮ ਪ੍ਰਬੰਧਕ, ਬੇਲਦਾਰ ਅਤੇ ਹੋਰ ਖੇਤ ਅਮਲੇ ਨੇ ਹਿੱਸਾ ਲਿਆ। ਇਸ ਸਿਖਲਾਈ ਦਾ ਮੁੱਖ ਮਕਸਦ ਸਿਖਿਆਰਥੀਆਂ ਨੂੰ ਬੀਜ ਉਤਪਾਦਨ ਅਤੇ ਗਰੇਡਿੰਗ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂੰ ਕਰਵਾਉਣਾ ਸੀ।
ਵਧੀਕ ਨਿਰਦੇਸ਼ਕ ਖੋਜ (ਫ਼ਸਲ ਵਿਕਾਸ) ਡਾ. ਕੇ. ਐਸ. ਥਿੰਦ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸੁਧਰੇ ਬੀਜਾਂ ਦੇ ਉਤਪਾਦਨ ਵਿਚ ਫੀਲਡ ਸਟਾਫ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਫੀਲਡ ਸਟਾਫ ਨੂੰ ਮਿਆਰੀ ਬੀਜ ਉਤਪਾਦਨ ਲਈ ਆਪਣਾ ਪੂਰਾ ਯੋਗਦਾਨ ਦੇਣ ਲਈ ਉਤਸਾਹਿਤ ਕੀਤਾ। ਸਹਾਇਕ ਨਿਰਦੇਸਕ (ਬੀਜ) ਡਾ. ਤਰਸੇਮ ਸਿੰਘ ਢਿਲੋਂ ਨੇ ਬੀਜਾਂ ਦੇ ਵਧੇਰੇ ਉਤਪਾਦਨ ਵਿਚ ਨਵੀਆਂ ਉਤਪਾਦਨ ਅਤੇ ਪ੍ਰੋਸੈਸਿੰਗ ਤਕਨੀਕਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਫੀਲਡ ਸਟਾਫ ਨੂੰ ਬੀਜਾਂ ਦੇ ਉਤਪਾਦਨ, ਵਾਢੀ, ਗਰੇਡਿੰਗ, ਪੈਕਿੰਗ, ਲੇਬਲਿੰਗ ਮੌਕੇ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਹਦਾਇਤ ਦਿਤੀ। ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਸਤੀਸ਼ ਕੁਮਾਰ ਨੇ ਸਿਖਿਆਰਥੀਆਂ ਨੂੰ ਸੀਡ ਗਰੇਡਰ ਦੀ ਕਾਰਜਸੀਲਤਾ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਫੀਲਡ ਸਟਾਫ ਨੂੰ ਯੂਨੀਵਰਸਿਟੀ ਬੀਜ ਫਾਰਮ ਲਾਡੋਵਾਲ ਦਾ ਦੌਰਾ ਵੀ ਕਰਵਾਇਆ ਗਿਆ ਜਿਸ ਵਿੱਚ ਬੀਜ ਉਤਪਾਦਨ ਮਾਹਿਰ ਡਾ. ਦੀਪਕ ਅਰੋੜਾ ਵੱਲੋਂ ਸਿਖਿਆਰਥੀਆਂ ਨੂੰ ਸੀਡ ਗਰੇਡਰ ਦੀ ਕਾਰਜਸੀਲਤਾ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਗਿਆਨੀਆਂ ਵੱਲੋਂ ਬੀਜ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਅਖੀਰ ਵਿਚ ਸਹਾਇਕ ਪੌਦਾ ਕਿਸਮ ਸੁਧਾਰਕ ਡਾ. ਤਰਵਿੰਦਰ ਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Share This Article
Leave a Comment