ਪੀਲ ਰੀਜਨ ਦੇ ਚੀਫ਼ ਮੈਡੀਕਲ ਅਧਿਕਾਰੀ ਡਾਕਟਰ ਲਾਰੇਂਸ ਲੋ ਨੇ ਦੱਸਿਆ ਕਿ ਬਰੈਂਪਟਨ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1432 ਹੋ ਗਈ ਹੈ ਅਤੇ 53 ਮੌਤਾਂ ਵੀ ਕਰੋਨਾਵਾਇਰਸ ਕਾਰਨ ਹੋਈ ਹੈ। ਪੀਲ ਰੀਜਨ ਵਿੱਚ ਕੁੱਲ 3188 ਕੇਸ ਸਾਹਮਣੇ ਆਏ ਹਨ ਜਿਸ ਵਿੱਚੋਂ 2244 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 212 ਮੌਤਾਂ ਹੋ ਚੁੱਕੀਆ ਹਨ। ਉਨ੍ਹਾਂ ਕਿਹਾ ਕਿ ਪੀਲ ਵਿੱਚ ਫਿਲਹਾਲ ਕਮਿਊਨਟੀ ਟਰਾਂਸਮਿਸ਼ਨ ਹੋ ਰਹੀ ਹੈ। ਡਾਕਟਰ ਲਾਰੇਂਸ ਨੇ ਇੱਕ ਵਾਰ ਮੁੜ ਕੁੱਝ ਹਦਾਇਤਾਂ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਹਨ ਜਿਸਦਾ ਪਾਲਣ ਕਰਕੇ ਇਸ ਬਿਮਾਰੀ ਨਾਲ ਲੜਿਆ ਜਾ ਸਕਦਾ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਦਾ ਸਾਹਮਣਾ ਕਰਨ ਦਾ ਇਕੋ-ਇਕ ਹਥਿਆਰ ਲਾਕਡਾਊਨ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੈ। ਜੇਕਰ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਤਾਂ ਕਾਫੀ ਹੱਦ ਤੱਕ ਇਸ ਬਿਮਾਰੀ ਤੋਂ ਬਚਿਆ ਜਾ ਸਕੇਗਾ। ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਫਿਲਹਾਲ ਇਸ ਬਿਮਾਰੀ ਦੀ ਕੋਈ ਵੀ ਵੈਕਸਿਨ ਜਾਂ ਫਿਰ ਦਵਾਈ ਨਹੀਂ ਆਈ। ਬੇਸ਼ਕ ਵਿਗਿਆਨੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ ਪਰ ਇਸਦਾ ਹੱਲ ਹਾਲੇ ਤੱਕ ਨਹੀਂ ਹੋਇਆ।