ਚੰਡੀਗੜ੍ਹ: ਬੀਤੇ ਦਿਨ ਪੰਜਾਬ ਤੇ ਹਰਿਆਣਾ ‘ਚ ਮੌਸਮ ਨੇ ਅਚਾਨਕ ਕਰਵਟ ਲਈ ਹੈ।ਜਿਸ ਤੋਂ ਬਾਅਦ ਕਈਆਂ ਨੂੰ ਸੁੱਖ ਦਾ ਸਾਹ ਆਇਆ ਯਾਨੀ ਕਿ ਗਰਮੀ ਤੋਂ ਰਾਹਤ ਮਿੱਲੀ ਅਤੇ ਕਈਆਂ ਦੀ ਚਿੰਤਾ ‘ਚ ਵਾਧਾ ਹੋਇਆ ਹੈ। ਮੰਡੀਆਂ ਵਿੱਚ ਕਣਕ ਫ਼ਸਲ ਦੀ ਪੂਰੀ ਲਿਫਟਿੰਗ ਨਾ ਹੋਣ ਕਰਕੇ ਪੰਜਾਬ ਸਰਕਾਰ ਦੇ ਫਿਕਰ ਵਧ ਗਏ ਹਨ।
ਚੰਡੀਗੜ੍ਹ ਅਤੇ ਪਟਿਆਲਾ ਵਿੱਚ ਵੱਧ ਮੀਂਹ ਦਰਜ ਕੀਤਾ ਗਿਆ ਹੈ । ਮੀਂਹ ਅਤੇ ਹਨ੍ਹੇਰੀ ਕਾਰਨ ਕਈਆਂ ਥਾਵਾਂ ਦੀ ਬੱਤੀ ਵੀ ਗੁੱਲ ਰਹੀ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 14.2 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ 7 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 5 ਐੱਮਐੱਮ ਅਤੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹਲਕੀ ਬੂੰਦਾ-ਬਾਂਦੀ ਹੋਈ ਹੈ। ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿੱਚ 2-2 ਐੱਮਐੱਮ ਮੀਂਹ ਦਰਜ ਕੀਤਾ ਹੈ। ਇਸ ਤੋਂ ਇਲਾਵਾ ਕੈਥਲ, ਚੀਕਾ, ਭਿਵਾਨੀ ਅਤੇ ਕੁਰੂਕਸ਼ੇਤਰ ਵਿੱਚ ਕਿਣ-ਮਿਣ ਹੋਈ ਹੈ। ਦਿਨ ਵੇਲੇ ਪਟਿਆਲਾ ਸਭ ਤੋਂ ਗਰਮ ਇਲਾਕਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਮਪਾਨ 37.5 ਡਿਗਰੀ ਸੈਲਸੀਅਸ ਸੀ ਅਤੇ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ 7 ਮਈ ਨੂੰ ਵੀ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ, ਜਦ ਕਿ 8 ਅਤੇ 9 ਮਈ ਨੂੰ ਬੱਦਲਵਾਈ ਹੋਵੇਗੀ।