ਪੂੰਜੀਵਾਦ ਨੇ ਕਿਸਾਨ ਦੀ ਮਾਨਸਿਕਤਾ ਦਾ ਵਪਾਰੀਕਰਨ ਕਰਕੇ ਕਿਸਾਨ ਕੋਲੋਂ ‘ਅੰਨ ਦਾਤਾ ਵਾਲੀ ਦਿੱਖ ਖੋਹਣ ਦੀ ਕੋਸ਼ਿਸ਼ ਕੀਤੀ”

TeamGlobalPunjab
7 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਦਾ ਇਸ ਵੇਰ ਦਾ ਵੈਬੀਨਾਰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਦਿਆਂ “ਜਨ ਮਾਣਸ ਦੀ ਆਵਾਜ਼-ਕਿਸਾਨ ਅੰਦੋਲਨ“ ਵਿਸ਼ੇ ਤੇ ਵਿਚਾਰ-ਚਰਚਾ ਕਰਵਾਈ। ਇਸ ਵਿਚਾਰ-ਚਰਚਾ ਵਿੱਚ ਮੁੱਖ ਬੁਲਾਰੇ ਡਾ: ਲਕਸ਼ਮੀ ਨਰਾਇਣ ਭੀਖੀ ਨੇ ਦੱਸਿਆ ਕਿ ਹਰੀ ਕ੍ਰਾਂਤੀ ਨੇ ਕਿਸਾਨੀ ਨੂੰ ਬਹੁਤ ਡੂੰਘੀ ਸੱਟ ਮਾਰੀ ਹੈ। ਇਸ ਦੇ ਨਾਲ ਪੂੰਜੀਵਾਦ ਨੇ ਕਿਸਾਨ ਦੀ ਮਾਨਸਿਕਤਾ ਦਾ ਵਪਾਰੀਕਰਨ ਕਰ ਦਿੱਤਾ ਤੇ ਉਸ ਕੋਲੋਂ ‘ਅੰਨ ਦਾਤਾ ਵਾਲੀ ਦਿੱਖ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਹਨਾ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ ਇਸ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਇਹਨਾ ਕਾਨੂੰਨਾਂ ਦੇ ਇਸ ਰਿਸ਼ਤੇ ਤੇ ਸੱਟ ਮਾਰੀ ਹੈ। ਇਸ ਕਾਰਨ ਹੀ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਇਆ ਹੈ। ਕੇਂਦਰ ਵਲੋਂ ਕੀਤੇ ਜਾ ਰਹੇ ਕੇਂਦਰੀਕਰਨ ਬਾਰੇ ਕਿਸਾਨ ਸਮਝ ਗਿਆ ਹੈ ਕਿ ਇਹ ਦੇਸ਼ ਦੀ ਕਿਸਾਨੀ ਤੇ ਡੂੰਘਾ ਹਮਲਾ ਹੈ। ਇਸ ਕਰਕੇ ਇਹ ਵੱਡਾ ਭਾਂਵੜ ਅੰਦੋਲਨ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਮਝਦਾ ਸੀ ਕਿ ਜਿਸ ਤਰ੍ਹਾਂ ਉਸ ਨੇ ਧੱਕੇ ਨਾਲ ਨੋਟਬੰਦੀ, ਜੀ.ਐਸ.ਟੀ., ਕਸ਼ਮੀਰ ‘ਚ ਧਾਰਾ 370 ਤੋੜਨਾ ਆਦਿ ਨੂੰ ਕਰਨ ਵਿੱਚ ਸਫ਼ਲ ਹੋ ਗਿਆ, ਉਹ ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਧਾਰਾ 144 ਲੱਗਾ ਕੇ, ਡਰਾ ਕੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਵੇਗਾ। ਪਰ ਇਸ ਮੁੱਦੇ ਤੇ ਮਜ਼ਦੂਰ ,ਕਿਸਾਨ, ਆੜਤੀ, ਦੁਕਾਨਦਾਰ ਤੇ ਆਮ ਲੋਕ ਸਭ ਇਕੱਠੇ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣ ਗਏ ਹਨ। ਉਹਨਾਂ ਨੇ ਕਿਸਾਨ ਆਗੂਆਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਇਸ ਲੜਾਈ ਦੇ ਅਗਲੇ ਪੜ੍ਹਾ ਨੂੰ ਸਿਆਣਪ ਨਾਲ ਸਾਂਭਣ ਦੀ ਲੋੜ ਹੈ, ਜਿਵੇਂ ਕੁਝ ਲੋਕ ਜਾਂ ਪਾਰਟੀਆਂ ਆਪਣੇ ਆਪ ਨੂੰ ਵੱਡੀਆਂ ਸਮਝਣ ਦੀ ਗਲਤੀ ਕਰਨਗੀਆਂ ਜਾਂ ਬੋਧਿਕ ਤੌਰ ‘ਤੇ ਜਿਆਦਾ ਸਿਆਣੇ ਸਮਝਣ ਦੀ ਗਲਤੀ ਕਰ ਸਕਦੀਆਂ ਹਨ। ਇਨ੍ਹਾਂ ਗੱਲਾਂ ਨਾਲ ਇਸ ਅੰਦੋਲਨ ਵਿੱਚ ਖਾੜਕੂ ਤੱਤ ਆ ਸਕਦਾ ਹੈ। ਜਿਹੜਾ ਕਿ ਲਹਿਰ ਲਈ ਘਾਤਕ ਹੋ ਸਕਦਾ ਹੈ। ਕੁਝ ਲੋਕ ਆਪਣੀ ਲੀਡਰੀ ਚਮਕਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ। ਇਹਨਾ ਸਾਰੇ ਖਦਸ਼ਿਆਂ ਤੋਂ ਕਿਸਾਨ ਆਗੂਆਂ ਨੂੰ ਧਿਆਨ ਵਿੱਚ ਰੱਖ ਕੇ ਇਕਮੁੱਠ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਬਿਜਲੀ ਬਿੱਲ ‘ਤੇ ਵੀ ਚਰਚਾ ਕਰਦਿਆਂ ਆਖਿਆ ਕਿ ਇਸ ਨਾਲ ਆਮ ਜਨਤਾ ਅਤੇ ਛੋਟੇ ਕਾਰਖਾਨੇਦਾਰਾਂ ਲਈ ਵੀ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ। ਇਸਦਾ ਸਾਰੇ ਸਮਾਜ ਤੇ ਹੀ ਅਸਰ ਪਵੇਗਾ।

ਉਹਨਾ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਮੁੜ ‘ਅੰਨ ਦਾਤੇ’ ਦਾ ਰੁਤਬਾ ਬਹਾਲ ਕਰਵਾਉਣ ਲਈ ‘ਕੁਦਰਤੀ ਖੇਤੀ’ ਵੱਲ ਮੁੜਨਾ ਪਵੇਗਾ। ਇਸ ਵਿੱਚ ਤਕਨੀਕ ਸਹਾਈ ਹੋ ਸਕਦੀ ਹੈ। ਇਸਦੇ ਨਾਲ ਖੇਤੀ ਸਹਿਯੋਗੀ ਉਦਯੋਗਾਂ ਦੀ ਵੀ ਲੋੜ ਪਵੇਗੀ। ਕਿਸਾਨੀ ਨੂੰ ਮਜ਼ਦੂਰ, ਆੜਤੀਏ, ਔਰਤਾਂ ਅਤੇ ਦਲਿਤਾਂ ਨੂੰ ਵੀ ਨਾਲ ਲੈ ਕੇ ਚਲਣਾ ਪਵੇਗਾ। ਇਸ ਗੱਲ ਦੀ ਤਸੱਲੀ ਹੈ ਕਿ ਕਿਸਾਨ ਯੂਨੀਅਨਾਂ ਨੇ ਸਾਂਝਾ ਮੁਹਾਜ਼ ਬਣਾਇਆ ਹੈ। ਅਗੋਂ ਲਈ ਇਹ ਨਿਰਨਾ ਕਰਨਾ ਪਵੇਗਾ ਕਿ ਕੌਣ ਦੁਸ਼ਮਣ ਹੈ ਤੇ ਕੌਣ ਮਿੱਤਰ ਹੈ? ਇਹ ਸਾਂਝੀ ਕਿਰਤ ਤੇ ਹਮਲਾ ਹੈ।

ਉਹਨਾਂ ਅੱਗੇ ਕਿਹਾ ਕਿ ਲੀਡਰਾਂ ਨੂੰ ਇਹ ਸੋਚਣਾਂ ਪਵੇਗਾ ਕਿ ਲੋਟੂ ਤਾਕਤਾਂ/ਪੂੰਜੀਵਾਦੀ ਸ਼ਕਤੀਆਂ ਇਕੱਠੀਆਂ ਹੋ ਰਹੀਆਂ ਹਨ, ਇਸ ਲਈ ਸਾਨੂੰ ਵੀ ਲੁੱਟ ਹੋ ਰਹੀਆਂ ਜਮਾਤਾਂ ਨੂੰ ਇਕੱਠੇ ਹੋਣਾ ਪਵੇਗਾ। ਸਾਰੀਆਂ ਲੋਕ ਹਿੱਤ ਪਾਰਟੀਆਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮਾਂ ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਅੰਦੋਲਨ ਵਿੱਚ ਜਿਹੜੇ ਪੰਜਾਬ ਨੂੰ ਨਸ਼ੇੜੀ ਦਾ ਖਿਤਾਬ ਦਿੰਦੇ ਸਨ ਉਹਨਾ ਨੂੰ ਨੌਜਵਾਨਾਂ ਨੇ ਦਿੱਲੀ ਪਹੁੰਚ ਕੇ ਵਧੀਆ ਜੁਆਬ ਦਿੱਤਾ ਹੈ। ਉਹ ਇਸ ਸੰਘਰਸ਼ ਵਿੱਚ ਅੱਗੇ ਆਏ ਹਨ ਅਤੇ ਹੁਣ ਤੱਕ ਇਹ ਸੰਘਰਸ਼ ਜੋਸ਼ ਤੇ ਹੋਸ਼ ਨਾਲ ਲੜਿਆ ਗਿਆ ਹੈ। ਆਸ ਹੈ ਕਿ ਅੱਗੋ ਦੇ ਪੜਾਅ ਵੀ ਇਸੇ ਤਰ੍ਹਾਂ ਸੰਗਮ ਨਾਲ ਲੜੇ ਜਾਣਗੇ। ਉਹਨਾ ਇਹ ਵੀ ਦੱਸਿਆ ਹੈ ਕਿ ਕੇਂਦਰ ਕੋਲ ਕਿਸਾਨੀ ਦੀਆਂ ਸਮੱਸਿਆਵਾਂ ਦਾ ਕੋਈ ਹਲ ਨਹੀਂ ਹੈ ਤੇ ਨਾ ਹੀ ਕਿਸਾਨੀ ਕੋਲ ਕੋਈ ਅਗਾਹ ਵਾਧੂ ਮਾਡਲ ਹੈ। ਰਾਜਨੀਤਕ ਪਾਰਟੀਆਂ ਸਿਰਫ਼ ਕਿਸਾਨ ਪੱਖੀ ਹੋਣ ਦਾ ਢੌਂਗ ਕਰ ਰਹੀਆਂ ਹਨ ਤੇ ਇਸ ਨਾਜ਼ੁਕ ਸਮੇਂ ਵਿੱਚ ਵੀ ਰਾਜਨੀਤੀ ਕਰ ਰਹੀਆਂ ਹਨ। ਕਿਸਾਨ ਆਗੂਆਂ ਨੂੰ ਹੁਣ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚਲਣ ਦੀ ਲੋੜ ਹੈ। ਗੁਰਮੀਤ ਸਿੰਘ ਪਲਾਹੀ ਪ੍ਰਧਾਨ ਦੀ ਅਗਵਾਈ ‘ਚ ਕਰਵਾਏ ਵੈਬੀਨਾਰ ‘ਚ ਅੱਗੋਂ ਚਰਚਾ ਕਰਦਿਆਂ ਸ਼੍ਰੀ ਕੰਵਲਜੀਤ ਅਤੇ ਡਾ: ਗਿਆਨ ਸਿੰਘ ਨੇ ਦੱਸਿਆ ਕਿ ਕਿਸਾਨ ਕਿਸੇ ਭੈ ਵਿੱਚ ਨਹੀਂ ਹਨ ਸਗੋਂ ਬਹੁਤ ਹੀ ਸਹਿਜ ਹੋ ਕੇ ਇਹ ਲੜਾਈ ਲੜ ਰਹੇ ਹਨ। ਕਿਸਾਨਾਂ ਨੇ ਹੁਣ ਆਪਣੀਆਂ ਅੱਠ ਮੰਗਾਂ ਤੇ ਕੇਂਦਰਤ ਹੋਣ ਦਾ ਫ਼ੈਸਲਾ ਕੀਤਾ ਹੈ। ਡਾ: ਹਰਜਿੰਦਰ ਵਾਲੀਆ ਨੇ ਮੋਹਣ ਸਿੰਘ ਦੀ ਕਵਿਤਾ ਦੀ ਉਦਾਹਰਣ ਦਿੱਤੀ ਕਿ ਹੁਣ ਜੋਕਾਂ ਤੇ ਲੋਕਾਂ ਵਿੱਚ ਲੜਾਈ ਹੈ। ਇਹ ਜੰਗ ਹਿੰਦ ਤੇ ਪੰਜਾਬ ਵਿੱਚ ਹੈ ਇਥੋਂ ਤੱਕ ਕਿ ਹਿੰਦ ਦੀ ਹਿੰਦ ਨਾਲ ਜੰਗ ਹੈ ਕਿਉਂਕਿ ਹੋਰ ਸੂਬੇ ਵੀ ਇਸ ਵਿੱਚ ਸਹਿਯੋਗ ਕਰ ਰਹੇ ਹਨ। ਇਹ ਜੰਗ ਬਹੁਤ ਹੀ ਵਧੀਆ ਵਿਉਂਤਬੰਦੀ ਨਾਲ ਚਲ ਰਹੀ ਹੈ। ਗੁਰਚਰਨ ਨੂਰਪੁਰ, ਡਾ: ਆਸਾ ਸਿੰਘ ਘੁੰਮਣ, ਚਰਨਜੀਤ ਸਿੰਘ ਗੁੰਮਟਾਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਪੂੰਜੀਵਾਦ ਜਾਂ ਕਾਰਪੋਰੇਟ ਸੈਕਟਰ ਨੇ ਰਾਜ ਨੇਤਾਵਾਂ ਨੂੰ ਆਪਣੇ ਕਰਿੰਦੇ ਬਣਾ ਲਿਆ ਹੈ। ਉਹ ਉਹਨਾ ਤੇ ਆਪਣੀ ਮਰਜ਼ੀ ਨਾਲ ਲੇਖ ਲੈਂਦੇ ਹਨ। ਪੰਜਾਬੀ ਖਾਸੇ ਨੂੰ ਇਸ ਲੜਾਈ ਵਿੱਚ ਵੀ ਦੁਸ਼ਮਣਾਂ ਨੂੰ ਖਾਣਾ ਖੁਆ ਕੇ ਕਾਇਮ ਰੱਖਿਆ ਜਾ ਰਿਹਾ ਹੈ।

ਉਹਨਾ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਕਰਦੇ ਲੋਕਾਂ ਦੇ ਖਾਸੇ ਬਾਰੇ ਆਮ ਲੋਕਾਂ ਨੂੰ ਸਮਝਾਉਣ। ਪ੍ਰੋ: ਰਣਜੀਤ ਧੀਰ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਇਹ ਸੰਘਰਸ਼ ਲੀਡਰਾਂ ਦੀ ਸਿਆਣਪ ਕਰਕੇ ਹਿੰਸਾਆਤਮਕ ਹੋਣ ਤੋਂ ਬਚ ਗਿਆ। ਉਹਨਾ ਇਹ ਖਦਸ਼ਾ ਪ੍ਰਗਟ ਕੀਤਾ ਕਿ ਕਿਸਾਨੀ ਹੁਣ ਪੁਰਾਣੇ ਜ਼ਮਾਨੇ ਵੱਲ ਨਹੀਂ ਮੁੜ ਸਕਦੀ, ਕਿਉਂਕਿ ਸਮਾਂ ਹਰ ਤਰ੍ਹਾਂ ਬਦਲ ਗਿਆ ਹੈ। ਰਵਿੰਦਰ ਸਹਿਰਾਅ ਨੇ ਇਸ ਸੰਘਰਸ਼ ਨੂੰ ਵਿਗਿਆਨ ਨਜ਼ਰੀਏ ਤੋਂ ਵਾਚਣ ਦੀ ਲੋੜ ਮਹਿਸੂਸ ਕੀਤੀ। ਨੌਜਵਾਨਾਂ ਦੀ ਵਧੀਆ ਸੋਚ ਸਾਹਮਣੇ ਆਈ ਹੈ। ਇਹ ਸੰਘਰਸ਼ ਬਹੁਤ ਲੰਬਾ ਹੈ। ਮਜ਼ਦੂਰਾਂ ਤੇ ਦਲਿਤਾਂ ਨੂੰ ਨਾਲ ਲੈਕੇ ਚਲਣ ਦੀ ਲੋੜ ਹੈ। ਇਸ ਸੰਘਰਸ਼ ਦਾ ਸਾਹਿੱਤਕ ਰੰਗ ਵੀ ਇੱਕ ਵਧੀਆ ਪੱਖ ਹੈ।

ਕੇਹਰ ਸ਼ਰੀਫ ਅਤੇ ਡਾ: ਲਕਸ਼ਮੀ ਨਰਾਇਣ ਭੀਖੀ ਨੇ ਇਸ ਅੰਦੋਲਨ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ।ਹੋਰਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਚਰਨਜੀਤ ਸਿੰਘ ਗੁੰਮਟਾਲਾ, ਜਗਦੀਪ ਕਾਹਲੋਂ, ਰਵਿੰਦਰ ਸਹਿਰਾਅ, ਆਸਾ ਸਿੰਘ ਘੁੰਮਣ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਡਾ: ਗਿਆਨ ਸਿੰਘ, ਕੇਹਰ ਸ਼ਰੀਫ,ਪ੍ਰੋ: ਰਣਜੀਤ ਧੀਰ, ਡਾ: ਹਰਜਿੰਦਰ ਵਾਲੀਆ ਅਤੇ ਕਮਲਜੀਤ ਆਦਿ ਨੇ ਇਸ ਚਰਚਾ ਵਿੱਚ ਭਰਪੂਰ ਹਿੱਸਾ ਪਾਇਆ। ਅੰਤ ਵਿੱਚ ਗਿਆਨ ਸਿੰਘ ਡੀ.ਪੀ.ਆਰ.ਓ. ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।

Share This Article
Leave a Comment