ਚੰਡੀਗੜ੍ਹ : 14 ਫਰਵਰੀ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਹਰਾਦੂਨ ਦੇ ਦੋ ਕਾਲਜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਪੁਲਵਾਮਾ ਹਮਲੇ ਨੂੰ ਜਿਸ ਨੌਜਵਾਨ ਨੇ ਅੰਜਾਮ ਦਿੱਤਾ ਸੀ ਉਹ ਕਸ਼ਮੀਰੀ ਆਦਿਲ ਅਹਿਮਦ ਡਾਰ ਹੀ ਸੀ। ਜਿਸ ਤੋਂ ਬਾਅਦ ਥਾਂ-ਥਾਂ ਪ੍ਰਦਰਸ਼ਨ ਹੋਏ ਅਤੇ ਕਈ ਥਾਵਾਂ ‘ਤੇ ਕਸ਼ਮੀਰੀ ਵਿਦਿਆਰਥੀਆਂ ਦੇ ਖਿਲਾਫ ਵੀ ਪ੍ਰਦਰਸ਼ਨ ਹੋਏ। ਹਾਲਾਂਕਿ, ਕੇਂਦਰ ਅਤੇ ਰਾਜ ਸਰਕਾਰਾਂ ਨੇ ਕਸ਼ਮੀਰੀ ਵਿਦਿਆਰਥੀਆਂ ਖਿਲਾਫ ਕਿਸੇ ਵੀ ਤਰ੍ਹਾਂ ਦਾ ਗੁੱਸਾ ਵਿਖਾਉਣ ਨੂੰ ਗਲਤ ਠਹਿਰਾਇਆ ਹੈ। ਇਸ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਡਰ ਨਾਲ ਦੇਹਰਾਦੂਨ ਸ਼ਹਿਰ ਦੇ ਦੋ ਸੰਸਥਾਨਾਂ ਨੇ ਕਿਹਾ ਹੈ ਕਿ ਉਹ ਨਵੇਂ ਸੈਸ਼ਨ ਵਿੱਚ ਕਸ਼ਮੀਰ ਦੇ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਨਹੀਂ ਦੇਣਗੇ। ਉਥੇ ਹੀ ਡਰ ਤੇ ਖਤਰੇ ਦੀ ਵਜ੍ਹਾ ਨਾਲ ਕਈ ਕਸ਼ਮੀਰੀ ਵਿਦਿਆਰਥੀਆਂ ਨੂੰ ਅਸਥਾਈ ਰੂਪ ਨਾਲ ਸ਼ਹਿਰ ਛੱਡਣ ਲਈ ਕਿਹਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਦੇਹਰਾਦੂਨ ਸਥਿਤ DAV PG ਕਾਲਜ ਦੀ ਯੂਨੀਅਨ ਦੇ ਵਿਦਿਆਰਥੀਆਂ ਨੇ ABVP, VHP, ਅਤੇ ਬਜਰੰਗ ਦਲ ਦੇ ਮੈਬਰਾਂ ਨਾਲ ਮਿਲਕੇ ਕਾਲਜਾਂ ਦੇ ਬਾਹਰ ( 15 ਫਰਵਰੀ 2019 ) ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਜਿਸ ਤੋਂ ਬਾਅਦ ਬਾਬਾ ਫਰੀਦ ਇੰਸਟੀਚਿਊਟ ਆਫ ਟੈਕਨਾਲਜੀ (BFIT) ਦੇ ਪ੍ਰਿੰਸੀਪਲ ਨੇ ਵਿਦਿਆਰਥੀ ਸੰਘ ਦੇ ਪ੍ਰਧਾਨ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਅਸੀ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਜੇਕਰ ਕੋਈ ਕਸ਼ਮੀਰੀ ਵਿਦਿਆਰਥੀ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਦਿਆਰਥੀ ਨੂੰ ਬਾਹਰ ਕੱਦ ਦਿੱਤਾ ਜਾਵੇਗਾ। ਨਾਲ ਹੀ ਨਵੇਂ ਸੈਸ਼ਨ ਵਿੱਚ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖਿਲਾ ਨਹੀਂ ਦਿੱਤਾ ਜਾਵੇਗਾ।
ਇਸ ਮਾਹੌਲ ਦੇ ਚਲਦਿਆਂ ਉੱਤਰਾਖੰਡ ਤੇ ਹਰਿਆਣਾ ਤੋਂ ਲਗਭਗ 300 ਕਸ਼ਮੀਰੀ ਵਿਦਿਆਰਥੀ ਮੁਹਾਲੀ ਪਹੁੰਚੇ ਹਨ। ਕਸ਼ਮੀਰੀ ਵਿਦਿਆਰਥੀਆਂ ਲਈ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਰੁਕਣ ਦਾ ਪ੍ਰਬੰਧ ਸਿੱਖ ਜਥੇਬੰਦੀ ਵੱਲੋਂ ਕੀਤਾ ਗਿਆ ਹੈ।
ਵਿਦਿਆਰਥੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਈ ਥਾਵਾਂ ‘ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ‘ਤੇ ਹਮਲੇ ਵੀ ਕੀਤੇ ਜਾ ਰਿਹੇ ਸਨ। ਜਿਸ ਕਾਰਨ ਉਹ ਮੁਹਾਲੀ ਆ ਗਏ। ਉਥੇ ਹੀ ਇਮਤਿਹਾਨ ਨਜ਼ਦੀਕ ਹੋਣ ਕਾਰਨ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਲੈ ਕੇ ਵੀ ਪਰੇਸ਼ਾਨ ਹਨ। ਹੁਣ ਫਿਲਹਾਲ ਵਿਦਿਆਰਥੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਤੇ ਮਾਹੌਲ ਦੇ ਠੀਕ ਹੋ ਜਾਣ ਤੋਂ ਬਾਅਦ ਵਾਪਸ ਆਉਣ ਬਾਰੇ ਸੋਚਣਗੇ।