ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਰਾਲੀ ਦੀ ਸੰਭਾਲ ਬਾਰੇ ਦੋ ਰੋਜ਼ਾ ਸੈਮੀਨਾਰ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਮੀਨਾਰ ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿੱਚ ਕਰਵਾਇਆ ਜਾਵੇਗਾ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਮਿਸ਼ਨ ਤਹਿਤ ਵਿਸ਼ਵ ਬੈਂਕ ਵੱਲੋਂ ਪ੍ਰਯੋਜਿਤ ਸਕੂਲ ਆਫ਼ ਨੈਚੂਰਲ ਰਿਸੋਰਸ ਮੈਨੇਜਮੈਂਟ ਅਤੇ ਐਡਵਾਂਸਡ ਐਗਰੀਕਲਚਰ ਸਾਇੰਸ ਐਂਡ ਤਕਨਾਲੋਜੀ ਸੈਂਟਰ (ਕਾਸਟ) ਵੱਲੋਂ ਕਰਵਾਇਆ ਜਾਏਗਾ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸੈਮੀਨਾਰ ਦਾ ਉਦਘਾਟਨ ਕਰਨਗੇ ਅਤੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਅਤੇ ਪ੍ਰਬੰਧਕੀ ਸਕੱਤਰ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਸੈਮੀਨਾਰ ਦਾ ਮੰਤਵ ਪਰਾਲੀ ਦੀ ਸਾੜਨ ਤੋਂ ਬਿਨਾਂ ਸੰਭਾਲ ਅਤੇ ਪਾਣੀ ਬਚਾਉਣ ਲਈ ਵਿਕਸਿਤ ਤਕਨੀਕਾਂ ਅਤੇ ਵਿਧੀਆਂ ਬਾਰੇ ਵਿਚਾਰ ਕਰਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸੈਮੀਨਾਰ ਤੋਂ ਪ੍ਰਾਪਤ ਸਿੱਟਿਆਂ ਅਤੇ ਧਾਰਨਾਵਾਂ ਦੇ ਆਧਾਰ ਤੇ ਖੋਜ, ਪਸਾਰ ਅਤੇ ਨੀਤੀਆਂ ਸੰਬੰਧੀ ਸਿਫ਼ਾਰਸ਼ਾਂ ਤਿਆਰ ਕਰਕੇ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਦਾ ਯਤਨ ਕੀਤਾ ਜਾਵੇਗਾ।
ਇਸ ਸੈਮੀਨਾਰ ਵਿੱਚ ਪੈਨਲ ਵਿਚਾਰ ਚਰਚਾਵਾਂ ਦੌਰਾਨ ਫਾਰਮ ਮਸ਼ੀਨੀਕਰਨ ਰਾਹੀਂ ਪਰਾਲੀ ਦੀ ਸੰਭਾਲ, ਖੇਤ ਅੰਦਰ ਪਰਾਲੀ ਸੰਭਾਲਣ ਦੇ ਪ੍ਰਭਾਵਾਂ ਬਾਰੇ ਗੱਲਬਾਤ ਅਤੇ ਇਸ ਸੰਬੰਧੀ ਖੋਜ ਅਤੇ ਪਸਾਰ ਦੀ ਰਣਨੀਤੀ ਤਿਆਰ ਕਰਨ ਲਈ ਫ਼ਸਲ ਵਿਗਿਆਨਕ ਅਤੇ ਸਮਾਜ ਆਰਥਕ ਪੱਖ ਤੋਂ ਮੁੱਦੇ ਵਿਚਾਰੇ ਜਾਣਗੇ। ਇਸ ਵਿੱਚ ਭਾਗ ਲੈਣ ਵਾਲੇ ਮਾਹਿਰਾਂ ਨੂੰ ਮਸ਼ੀਨਰੀ ਨਿਰਮਾਣ ਯੂਨਿਟਾਂ ਅਤੇ ਕਿਸਾਨਾਂ ਦੇ ਦੀ ਪਰਾਲੀ ਦੀ ਸੰਭਾਲ ਬਾਰੇ ਖੇਤਾਂ ਦਾ ਦੌਰਾ ਵੀ ਕਰਵਾਇਆ ਜਾਏਗਾ।
ਪੀ.ਏ.ਯੂ. ਵਿੱਚ ਪਰਾਲੀ ਦੀ ਸਾਂਭ-ਸੰਭਾਲ ਬਾਰੇ ਦੋ ਦਿਨਾਂ ਸੈਮੀਨਾਰ
Leave a Comment
Leave a Comment