ਪੀ.ਏ.ਯੂ. ਵਿੱਚ ਨਵੇਂ ਅਧਿਆਪਕਾਂ ਲਈ ਓਰੀਐਂਟੇਸ਼ਨ ਕੋਰਸ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਨਵੇਂ ਨਿਯੁਕਤ ਹੋਏ ਅਧਿਆਪਕਾਂ ਲਈ ਦਸ ਰੋਜ਼ਾ ਓਰੀਐਂਟੇਸ਼ਨ ਕੋਰਸ ਕਰਵਾਇਆ ਗਿਆ। ਇਹ ਕੋਰਸ ਪ੍ਰਭਾਵਸ਼ਾਲੀ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਤੋਂ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ । ਇਸ ਵਿੱਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਅਤੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ 42 ਨਵੇਂ ਨਿਯੁਕਤ ਅਧਿਆਪਕਾਂ ਨੇ ਹਿੱਸਾ ਲਿਆ।
ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤੀ । ਉਹਨਾਂ ਨੇ ਸਿਖਿਆਰਥੀਆਂ ਨੂੰ ਕਾਮਯਾਬੀ ਨਾਲ ਕੋਰਸ ਪੂਰਾ ਕਰਨ ਲਈ ਵਧਾਈ ਦਿੱਤੀ। ਡਾ. ਮਾਹਲ ਨੇ ਕਿਹਾ ਕਿ ਨਵੇਂ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਸੰਸਥਾਗਤ ਢਾਂਚੇ ਅਤੇ ਕਾਰਜ ਵਿਧੀ ਤੋਂ ਜਾਣੂੰ ਕਰਵਾਉਣ ਲਈ ਇਹ ਕੋਰਸ ਬੇਹੱਦ ਅਹਿਮ ਹੈ। ਉਹਨਾਂ ਆਸ ਪ੍ਰਗਟਾਈ ਕਿ ਇਸ ਕੋਰਸ ਤੋਂ ਰੋਸ਼ਨੀ ਲੈ ਕੇ ਨਵੇਂ ਅਧਿਆਪਕ ਆਪਣੀ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਵਿੱਚ ਅਗਾਂਹ ਵਧ ਸਕਣਗੇ।
ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਸਿਖਿਆਰਥੀਆਂ ਨੂੰ ਇਸ ਕੋਰਸ ਰਾਹੀਂ ਆਪਣੀ ਮੁਹਾਰਤ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ । ਜ਼ਿਕਰਯੋਗ ਹੈ ਕਿ ਇਸ ਕੋਰਸ ਦੌਰਾਨ ਭਾਸ਼ਣਾਂ, ਵਿਚਾਰ-ਚਰਚਾਵਾਂ ਅਤੇ ਪ੍ਰੈਕਟੀਕਲਾਂ ਰਾਹੀਂ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਸਿਖਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ । ਅਧਿਆਪਨ, ਖੋਜ, ਪਸਾਰ, ਮਾਨਵ ਸੰਸਾਧਨ ਵਿਕਾਸ ਆਦਿ ਵਿਸ਼ਿਆਂ ਬਾਰੇ ਵਿਸਥਾਰ ਨਾਲ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ । ਵਿਸ਼ੇਸ਼ ਤੌਰ ਤੇ ਵਿਚਾਰ ਚਰਚਾਵਾਂ ਰਾਹੀਂ ਸਿਖਿਆਰਥੀਆਂ ਦੀ ਆਪਸੀ ਸਾਂਝ ਯੋਗਤਾ ਦਾ ਵਿਕਾਸ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ । ਖੋਜ ਪ੍ਰੋਜੈਕਟਾਂ ਦੀ ਤਿਆਰੀ ਅਤੇ ਅੰਤਰ ਅਨੁਾਸ਼ਾਸਨੀ ਪਹੁੰਚ ਵੱਲ ਸਿਖਿਆਰਥੀਆਂ ਦੀ ਰੁਚੀ ਪੈਦਾ ਕਰਨ ਲਈ ਮਾਹਿਰਾਂ ਨੇ ਵਿਸ਼ੇਸ਼ ਧਿਆਨ ਦਿੱਤਾ । ਨਵੀਆਂ ਤਕਨੀਕਾਂ ਤੋਂ ਇਲਾਵਾ ਪਿ੍ਰੰਟ ਅਤੇ ਮਾਸ ਮੀਡੀਆ ਦੇ ਨਾਲ-ਨਾਲ ਕਿਸਾਨਾਂ ਅਤੇ ਕਿਸਾਨੀ ਪਰਿਵਾਰਾਂ ਨਾਲ ਸਾਂਝ ਵਧਾਉਣ ਦੇ ਤਰੀਕੇ ਦੱਸੇ ਗਏ । ਇਸ ਤੋਂ ਇਲਾਵਾ ਸੰਚਾਰ ਯੋਗਤਾ ਵਧਾਉਣ ਬਾਰੇ ਸਿਖਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਸੈਂਟਰ, ਲਾਇਬ੍ਰੇਰੀ ਆਦਿ ਥਾਵਾਂ ਦਾ ਦੌਰਾ ਵੀ ਕਰਵਾਇਆ ਗਿਆ।
ਭਾਗ ਲੈ ਰਹੇ ਸਿਖਿਆਰਥੀਆਂ ਵੱਲੋਂ ਡਾ. ਰੁਪੀਤ ਗਿੱਲ ਅਤੇ ਡਾ. ਨਵਦੀਪ ਸਿੰਘ ਨੇ ਆਪਣੇ ਅਨੁਭਵ ਸਾਂਝੇ ਕੀਤੇ। ਉਹਨਾਂ ਨੇ ਇਸ ਕੋਰਸ ਨੂੰ ਬੇਹੱਦ ਲਾਹੇਵੰਦ ਕਿਹਾ। ਇਸ ਦੌਰਾਨ ਕਾਮਯਾਬੀ ਨਾਲ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਕੋਰਸ ਦੇ ਸਹਿ ਨਿਰਦੇਸ਼ਕ ਡਾ. ਪ੍ਰੀਤੀ ਸ਼ਰਮਾ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਸਿਖਿਆਰਥੀਆਂ ਦੀ ਸਿੱਖਣ ਭਾਵਨਾ ਦੀ ਤਾਰੀਫ ਕੀਤੀ।

Share this Article
Leave a comment