ਪੀ.ਏ.ਯੂ. ਨੇ ਮੱਕੀ ਦੀ ਹਾਈਬਰੀਡ ਕਿਸਮ ਪੀ ਐੱਮ ਐੱਚ-13 ਦੇ ਪਸਾਰ ਲਈ ਕੀਤਾ ਸਮਝੌਤਾ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਨੇ ਮੱਕੀ ਦੀ ਹਾਈਬਰੀਡ ਕਿਸਮ ਪੀ ਐੱਮ ਐੱਚ-13 ਦੇ ਵਪਾਰੀਕਰਨ ਲਈ ਸੁਨਾਮ ਦੀ ਇੱਕ ਫਰਮ ਮੈਸ. ਨਿਊਟਰੈਂਟਾ ਸੀਡਜ਼ ਪ੍ਰਾਈਵੇਟ ਲਿਮਿਟਡ, ਸਾਹਮਣੇ ਅਜੀਤ ਨਰਸਿੰਗ ਇੰਸਟੀਚਿਊਟ ਸੁਨਾਮ ਨਾਲ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨੁਮਾਇੰਦੇ ਸ੍ਰੀ ਟਹਿਲਾ ਜਮੀਲ ਨੇ ਦਸਤਖਤ ਕੀਤੇ।

ਇਸ ਕਿਸਮ ਬਾਰੇ ਗੱਲ ਕਰਦਿਆਂ ਮੱਕੀ ਦੇ ਕਿਸਮ ਸੁਧਾਰਕ ਡਾ. ਸੁਰਿੰਦਰ ਸੰਧੂ ਨੇ ਕਿਹਾ ਕਿ ਇਹ ਲਗਭਗ 24 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦੇਣ ਵਾਲੀ ਹਾਈਬਿ੍ਰਡ ਕਿਸਮ ਹੈ ਜੋ 97 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਹ ਕਿਸਮ ਮੱਕੀ ਦਾ ਗੜੂੰਆਂ, ਪੱਤਾ ਝੁਲਸ ਰੋਗ ਤੇ ਚਾਰਕੋਰ ਰੌਟ ਦਾ ਸਾਹਮਣਾ ਕਰਨ ਦੇ ਸਮਰਥ ਹੈ।

ਫਸਲ ਵਿਕਾਸ ਨਾਲ ਸੰਬੰਧਿਤ ਅਪਰ ਨਿਰਦੇਸ਼ਕ ਖੋਜ ਡਾ. ਜੀ ਐੱਸ ਮਾਂਗਟ ਨੇ ਇਸ ਮੌਕੇ ਕਿਹਾ ਕਿ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀਆਂ ਨੂੰ ਕਿਸਾਨਾਂ ਤੱਕ ਲਾਹੇਵੰਦ ਰੂਪ ਵਿੱਚ ਪਹੁੰਚਾਉਣ ਲਈ ਸਰਕਾਰੀ ਅਤੇ ਨਿੱਜੀ ਸਾਂਝੇਦਾਰੀ ਬੇਹੱਦ ਲਾਭਕਾਰੀ ਹੋਵੇਗੀ । ਇਸ ਮੌਕੇ ਬਾਗਬਾਨੀ ਅਤੇ ਭੋਜਨ ਵਿਗਿਆਨ ਸੰਬੰਧੀ ਅਪਰ ਨਿਰਦੇਸ਼ਕ ਖੋਜ ਡਾ. ਏ ਐੱਸ ਢੱਟ ਕੁਦਰਤੀ ਸਰੋਤ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਪੀ ਪੀ ਐੱਸ ਪੰਨੂ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ ਨੇ ਡਾ. ਸੁਰਿੰਦਰ ਸੰਧੂ ਅਤੇ ਉਹਨਾਂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਕਿਸਮ ਕਿਸਾਨਾਂ ਲਈ ਲਾਭਕਾਰੀ ਸਿੱਧ ਹੋਵੇਗੀ । ਇਸ ਮੌਕੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਅਮਰਜੀਤ ਕੌਰ ਅਤੇ ਪੌਦਾ ਕਿਸਮ ਸੁਧਾਰਕ ਡਾ. ਊਸ਼ਾ ਨਾਰਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Share this Article
Leave a comment