ਪੀ.ਏ.ਯੂ. ਨੇ ਘਰੇਲੂ ਸੋਲਰ ਡਰਾਇਰ ਤਕਨੀਕ ਦੇ ਪਸਾਰ ਲਈ ਕੀਤਾ ਸਮਝੌਤਾ

TeamGlobalPunjab
3 Min Read

ਲੁਧਿਆਣਾ: ਪੀ.ਏ.ਯੂ. ਨੇ ਅੱਜ ਰਫ਼ਤਾਰ ਪ੍ਰੋਫੈਸ਼ਨਲ ਇੰਜ. ਕੰਪਨੀ, ਸ਼ੈਡ ਨੰ. 10, ਸਾਇੰਸ ਐਂਡ ਤਕਨਾਲੋਜੀ ਇੰਟਰ ਪ੍ਰੀਨਿਊਰਜ਼ ਪਾਰਕ ਜੀ ਐਨ ਡੀ ਸੀ ਲੁਧਿਆਣਾ ਨਾਲ ਆਪਣੇ ਵਿਕਸਿਤ ਕੀਤੇ ਘਰੇਲੂ ਸੋਲਰ ਡਰਾਇਰ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ । ਇਹ ਸਮਝੌਤਾ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਅਤੇ ਸੰਬੰਧਤ ਫਰਮ ਦੇ ਜ਼ਿੰਮੇਵਾਰ ਅਧਿਕਾਰੀ ਇੰਜ: ਜਪਿੰਦਰ ਵਧਾਵਨ ਵੱਲੋਂ ਸੰਧੀ ਦੇ ਦਸਤਾਵੇਜ਼ਾਂ ਉਪਰ ਦਸਤਖਤ ਕਰਨ ਨਾਲ ਪ੍ਰਵਾਨ ਚੜ੍ਹਿਆ। ਡਾ. ਨਵਤੇਜ ਬੈਂਸ ਨੇ ਇਸ ਸਮਝੌਤੇ ਦਾ ਹਿੱਸਾ ਬਣੀ ਫਰਮ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀ ਦੇ ਪਸਾਰ ਦੀ ਜ਼ਿੰਮੇਵਾਰੀ ਨਾਲ ਜੁੜਨ ਤੇ ਵਧਾਈ ਦਿੱਤੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਸੀਨੀਅਰ ਖੋਜ ਇੰਜੀਨੀਅਰ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਸੁਖਮੀਤ ਸਿੰਘ ਨੇ ਦੱਸਿਆ ਕਿ ਇਹ ਸੋਲਰ ਡਰਾਇਰ ਤਕਨਾਲੋਜੀ ਦਰਮਿਆਨੀ ਸਮਰੱਥਾ ਵਾਲਾ ਯੰਤਰ ਹੈ ਜਿਸ ਵਿੱਚ ਧੁੱਪ ਦੇ ਦੋ ਤੋਂ ਪੰਜ ਦਿਨਾਂ ਵਿੱਚ 40 ਕਿੱਲੋ ਤਾਜ਼ਾ ਜਿਣਸ ਨੂੰ ਸੁਕਾਇਆ ਜਾ ਸਕਦਾ ਹੈ। ਇਸ ਵਿੱਚ 1.4 ਵਰਗ ਮੀਟਰ ਖਾਲੀ ਹਿੱਸੇ ਵਿੱਚ ਦੋਵਾਂ ਪਾਸਿਆਂ ਤੋਂ ਖੁੱਲੀਆਂ ਟਿਊਬਾਂ ਹਨ। ਸੋਲਰ ਊਰਜਾ ਨਾਲ ਪੈਨਲ ਵਿੱਚ ਇੱਕ ਪੱਖਾ ਚਲਦਾ ਹੈ।

ਇਹ ਤਕਨਾਲੋਜੀ 2 ਮੀਟਰ x 2.5 ਮੀਟਰ ਛਾਂ ਰਹਿਤ ਥਾਂ ਵਿੱਚ ਰੱਖੀ ਜਾ ਸਕਦੀ ਹੈ। ਸੁਕਾਈ ਜਾਣ ਵਾਲੀ ਜਿਣਸ ਨੂੰ ਸਟੇਨਲੈਸ ਸਟੀਲ ਤੋਂ ਬਣੀਆਂ 6 ਟਰੇਆਂ ਵਿੱਚ ਰੱਖਿਆ ਜਾਂਦਾ ਹੈ ਜਿਨ੍ਹਾਂ ਦਾ ਆਕਾਰ 66.5 ਸੈਂਟੀਮੀਟਰ x 51 ਸੈਂਟੀਮੀਟਰ x 7 ਸੈਂਟੀਮੀਟਰ (ਉਚਾਈ)। ਧੁੱਪ ਵਿੱਚ ਜਿਣਸ ਸਕਾਉਣ ਦੇ ਮੁਕਾਬਲੇ ਇਸ ਮਸ਼ੀਨ ਨਾਲ ਸੁਕਾਈ ਜਿਣਸ ਬਿਹਤਰ ਮਿਆਰ ਅਤੇ 72 ਪ੍ਰਤੀਸ਼ਤ ਘੱਟ ਸਮਾਂ ਲੈਂਦੀ ਹੈ । ਇੱਥੇ ਜ਼ਿਕਰਯੋਗ ਹੈ ਕਿ ਇਸ ਤਕਨਾਲੋਜੀ ਨੂੰ ਨਵਿਆਉਣ ਯੋਗ ਊਰਜਾ ਇੰਜਨੀਅਰਿੰਗ ਵਿਭਾਗ ਵਿੱਚ ਸਾਂਝੇ ਰੂਪ ਵਿੱਚ ਡਾ. ਵੀ ਐਸ ਹਾਂਸ, ਡਾ. ਆਰ ਐਸ ਗਿੱਲ ਅਤੇ ਡਾ. ਮਨਪ੍ਰੀਤ ਸਿੰਘ ਨੇ ਵਿਕਸਿਤ ਕੀਤਾ ਹੈ। ਨਵਿਆਉਣ ਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਐਸ ਹਾਂਸ ਨੇ ਦੱਸਿਆ ਕਿ ਇਸ ਮਸ਼ੀਨ ਦੀ ਅੰਦਾਜ਼ਨ ਕੀਮਤ 45,000 ਰੁਪਏ ਹੈ।

ਅਡਜੰਕਟ ਪ੍ਰੋਫੈਸਰ ਡਾ. ਐਸ. ਐਸ. ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 52 ਤਕਨੀਕਾਂ ਦੇ ਵਪਾਰੀਕਰਨ ਲਈ 219 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ੍ਹਾਂ ਵਿੱਚ ਸਰ੍ਹੋਂ ਦੀ ਹਾਈਬ੍ਰਿਡ ਨਸਲ, ਮਿਰਚਾਂ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਸਿਰਕਾ ਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ। ਇਸ ਮੌਕੇ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਅਤੇ ਡਾ. ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।

- Advertisement -

Share this Article
Leave a comment