ਪੀ ਏ ਯੂ ਦੇ ਵਿਦਿਆਰਥੀਆਂ ਨੇ ਮਿਲ ਕੇ ਸ਼ੁਰੂ ਕੀਤਾ ‘ਲੌਕਡਾਊਨ ਡਾਇਰੀਜ਼’, ਈ-ਮੈਗਜੀਨ ਦਾ ਪਹਿਲਾ ਅੰਕ ਰਿਲੀਜ਼

TeamGlobalPunjab
3 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵੱਖ ਵੱਖ ਕਾਲਜਾਂ ਤੋਂ ਚਾਰ ਵਿਦਿਆਰਥੀਆਂ ਨੇ ਲੌਕਡਾਊਨ ਨੂੰ ਇਕ ਨਵੇਂ ਅੰਦਾਜ਼ ਵਿਚ ਵਰਤਣ ਦਾ ਉਪਰਾਲਾ ਕੀਤਾ ਹੈ। ਵਿਕਾਸ ਦੱਤਾ, ਰਿਤਿਕ ਸੇਠ, ਦੀਕਸ਼ਾ ਦੁੱਗਲ ਅਤੇ ਆਂਚਲ ਸ਼ਰਮਾ ਚਾਰ ਵਿਦਿਆਰਥੀਆਂ ਦੀ ਟੀਮ ਨੇ ‘ਲੌਕਡਾਊਨ ਡਾਇਰੀਜ਼’ ਨਾਂ ਹੇਠ ਇਕ ਈ-ਮੈਗਜ਼ੀਨ ਸ਼ੁਰੂ ਕੀਤਾ ਹੈ ਜਿਸਦਾ ਪਹਿਲਾ ਅੰਕ ਜਾਰੀ ਕੀਤਾ ਗਿਆ।

ਇਸ ਮੈਗਜ਼ੀਨ ਵਿਚ ਪੂਰੇ ਦੇਸ਼ ਦੇ ਵਿਦਿਆਰਥੀਆਂ, ਭੋਜਨ-ਮਾਹਿਰਾਂ, ਨਰਸਾਂ ਤੇ ਹੋਰ ਲੋਕਾਂ ਦੇ ਲਿਖੇ ਲੇਖ, ਸਕੈਚ,ਕਵਿਤਾਵਾਂ ਆਦਿ ਸ਼ਾਮਲ ਹਨ। ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਅੰਗਰੇਜ਼ੀ ਦੇ ਸਹਾਇਕ ਪ੍ਰੋਫੈਸਰ ਸ਼੍ਰੀਮਤੀ ਸੁਮੇਧਾ ਭੰਡਾਰੀ ਦੀ ਅਗਵਾਈ ਵਿਚ ਲੌਕਡਾਊਨ ਦੌਰਾਨ ਨੌਜਵਾਨਾਂ ਦੀ ਸਿਰਜਣਾਤਮਕ ਊਰਜਾ ਨੂੰ ਸਾਰਥਕ ਦਿਸ਼ਾ ਵਿਚ ਤੋਰਨ ਦੀ ਇਹ ਚੰਗੀ ਕੋਸ਼ਿਸ਼ ਹੈ। ਸਮੱਗਰੀ ਦੇ ਸੰਕਲਨ, ਸੰਪਾਦਨ ਅਤੇ ਡਿਜਾਇਨਿੰਗ ਦਾ ਸਮੁਚਾ ਕੰਮ ਟੀਮ ਨੇ ਆਪ ਹੀ ਰਲ ਕੇ ਕੀਤਾ ਹੈ। ਮੈਗਜ਼ੀਨ ਵਿਚ ਸਭ ਉਮਰ ਵਰਗਾਂ ਦੇ ਲੋਕਾਂ ਨੂੰ ਇਕ ਜਗ੍ਹਾ ਇਕੱਤਰ ਕਰਨ ਦੇ ਉਦੇਸ਼ ਨੂੰ ਸਮਰਪਿਤ ਹੈ। ਤਿੰਨ ਭਾਸ਼ਾਵਾਂ ਵਾਲੇ ਇਸ ਮੈਗਜ਼ੀਨ ਵਿਚ ਸਭ ਦੀਆਂ ਲੋੜਾਂ ਅਨੁਸਾਰ ਸਮੱਗਰੀ ਸ਼ਾਮਿਲ ਕੀਤੀ ਗਈ ਹੈ। ਫ਼ਿਲਮਾਂ ਤੋਂ ਲੈ ਕੇ ਸਾਹਿਤ ਤਕ ਇਹ ਮੈਗਜ਼ੀਨ ਸਮਾਜ ਦੇ ਸਾਰੇ ਵਰਗਾਂ ਦੇ ਸੁਹਜ-ਸੁਆਦ ਦਾ ਧਿਆਨ ਰੱਖਦਾ ਹੈ। ਇਹ ਮੈਗਜ਼ੀਨ ਪੂਰੀ ਤਰ੍ਹਾਂ ਪਾਠਕਾਂ ਦੇ ਫੀਡਬੈਕ ਉੱਪਰ ਆਧਾਰਿਤ ਹੋਵੇਗਾ ਜਿਸ ਨਾਲ ਪਾਠਕ ਵੀ ਇਸ ਮੈਗਜ਼ੀਨ ਦਾ ਅਭਿੰਨ ਹਿੱਸਾ ਬਣ ਸਕਣਗੇ।

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਤੋਰਨ ਦਾ ਬਹੁਤ ਲਾਹੇਵੰਦ ਯਤਨ ਹੈ। ਵਿਦਿਆਰਥੀਆਂ ਦੀ ਟੀਮ ਦਾ ਕਲਾਤਮਕ, ਸਾਰਥਕ ਅਤੇ ਸ਼ਲਾਘਾਯੋਗ ਯਤਨ ਹੈ ਜਿਸ ਨਾਲ ਉਨਾਂ ਦੀ ਊਰਜਾ ਨੂੰ ਸਹੀ ਸੇਧ ਮਿਲੇਗੀ ਅਤੇ ਨੌਜਵਾਨਾਂ ਦੇ ਕਲਾਤਮਕ ਗੁਣਾਂ ਵਿਚ ਹੋਰ ਨਿਖਾਰ ਆਵੇਗਾ। ਉਨ੍ਹਾਂ ਇਸ ਮੈਗਜ਼ੀਨ ਨਾਲ ਜੁੜੀ ਸਮੁੱਚੀ ਟੀਮ ਅਤੇ ਅਧਿਆਪਕ ਡਾ. ਸੁਮੇਧਾ ਭੰਡਾਰੀ ਨੂੰ ਵਧਾਈ ਦਿੱਤੀ ਅਤੇ ਇਸ ਸਾਨੂੰ ਪੂਰੇ ਦੇਸ਼ ਦੇ ਨੌਜਵਾਨਾਂ ਦੀ ਸੁਹਜਾਤਮਕ ਪ੍ਰਤਿਭਾ ਦੀ ਪੇਸ਼ਕਾਰੀ ਲਈ ਸਾਰਥਕ ਮੰਚ ਕਿਹਾ। ਖੇਤੀਬਾੜੀ ਕਾਲਜ ਦੇ ਡੀਨ ਡਾ ਐਸ ਐਸ ਕੁੱਕਲ ਨੇ ਵੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਇਸ ਨਵੇਂ ਤਰ੍ਹਾਂ ਦੇ ਉੱਦਮ ਨੂੰ ਸਿਰਜਣਾਤਮਕ ਮੰਚ ਦੱਸਿਆ। ਮੈਗਜ਼ੀਨ ਨਾਲ ਜੁੜੀ ਟੀਮ ਨੇ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਡੀਨਾਂ ਜਿਵੇਂ ਬੇਸਿਕ ਸਾਈਂਸਿਜ਼ ਕਾਲਜ ਦੇ ਡੀਨ ਡਾ ਸ਼ੰਮੀ ਕਪੂਰ, ਖੇਤੀ ਇੰਜਨੀਰਿੰਗ ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ, ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ ਸੰਦੀਪ ਬੈਂਸ ਅਤੇ ਬਾਗਬਾਨੀ ਕਾਲਜ ਦੇ ਡੀਨ ਡਾ ਮਾਨਵਿੰਦਰ ਸਿੰਘ ਗਿੱਲ ਦੇ ਪ੍ਰੇਰਨਾਮਈ ਸੰਦੇਸ਼ ਵੀ ਮੈਗਜ਼ੀਨ ਵਿਚ ਸ਼ਾਮਿਲ ਕੀਤੇ ਗਏ ਹਨ। ਵਿਦਿਆਰਥੀਆਂ, ਅਧਿਆਪਕਾਂ ਵੱਲੋ ‘ਲਾਕਡਾਊਨ ਡਾਇਰੀਜ਼’ ਨੂੰ ਭਰਪੂਰ ਪ੍ਰਸੰਸਾ ਮਿਲ ਰਹੀ ਹੈ।

Share this Article
Leave a comment