ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅੱਜ ਯੂਨੀਵਰਸਿਟੀ ਆਫ਼ ਏਡਿਨਬਰਗ ਦੇ ਕੁਝ ਮਾਹਿਰ ਵਿਸ਼ੇਸ਼ ਵਫ਼ਦ ਵਜੋਂ ਪਹੁੰਚੇ। ਇਹਨਾਂ ਵਿੱਚ ਅੰਤਰਰਾਸ਼ਟਰੀ ਭਰਤੀ ਪ੍ਰਬੰਧਕ ਸ੍ਰੀਮਤੀ ਗੁਰਪ੍ਰੀਤ ਗਰੇਵਾਲ ਕੰਗ, ਪਸ਼ੂ ਭਲਾਈ ਕਮਿਸ਼ਨ ਸਕਾਟਲੈਂਡ ਦੇ ਮੁਖੀ ਪ੍ਰੋ. ਕੈਥੀ ਡਾਇਰ, ਫ਼ਸਲ ਸਰੀਰ ਵਿਗਿਆਨ ਦੇ ਸੀਨੀਅਰ ਖੋਜਾਰਥੀ ਪ੍ਰੋ. ਇਆਨ ਬਿੰਘਮ ਸ਼ਾਮਿਲ ਸਨ।
ਪੀ.ਏ.ਯੂ. ਦੇ ਸੀਨੀਅਰ ਅਧਿਕਾਰੀ ਇਸ ਵਫ਼ਦ ਨਾਲ ਵਿਚਾਰ-ਵਟਾਂਦਰੇ ਲਈ ਜੁੜ ਬੈਠੇ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਵਫ਼ਦ ਦੇ ਮੈਂਬਰਾਂ ਦਾ ਸਵਾਗਤ ਕੀਤਾ।
ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ‘ਫ਼ਸਲ ਵਿਕਾਸ’ ਡਾ. ਕੇ ਐਸ ਥਿੰਦ ਨੇ ਯੂਨੀਵਰਸਿਟੀ ਦੇ ਇਤਿਹਾਸ, ਖੋਜ ਅਤੇ ਪਸਾਰ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਪੇਸ਼ਕਾਰੀ ਦਿੱਤੀ। ਗਲੋਬਲ ਅਕੈਡਮੀ ਆਫ਼ ਐਗਰੀਕਲਚਰ ਐਂਡ ਫੂਡ ਸਕਿਊਰਟੀ ਦੇ ਪ੍ਰੋ. ਬਿੰਘਮ ਨੇ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਅੰਡਰ ਗ੍ਰੈਜੂਏਟ ਕੋਰਸਾਂ, ਖੋਜ ਪ੍ਰੋਗਰਾਮਾਂ ਅਤੇ ਅੰਤਰਰਾਸ਼ਟਰੀ ਫ਼ਸਲ ਸਿੱਖਿਆ ਨੈਟਵਰਕ ਸੰਬੰਧੀ ਚਾਨਣਾ ਪਾਇਆ। ਉਹਨਾਂ ਨੇ ਵਰਤਮਾਨ ਸੰਸਾਰ ਦੀਆਂ ਚੁਣੌਤੀਆਂ ਜਿਵੇਂ ਖਾਣ ਪੀਣ ਦੇ ਬਦਲਾਅ, ਵਾਤਾਵਰਨੀ ਤਬਦੀਲੀਆਂ ਅਤੇ ਜਨਸੰਖਿਆ ਵਿੱਚ ਇਜ਼ਾਫੇ ਦੇ ਮੱਦੇਨਜ਼ਰ ਅੰਤਰ ਅਨੁਸ਼ਾਸਨੀ ਖੋਜ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰੋ. ਡਾਇਰ ਨੇ ਪਸ਼ੂ ਭਲਾਈ ਅਤੇ ਖੇਤੀ ਵਿਕਾਸ ਵਿਚਕਾਰ ਸੁਮੇਲ ਸਥਾਪਿਤ ਕਰਨਾ ਅਜੋਕੇ ਸਮੇਂ ਦੀ ਲੋੜ ਕਿਹਾ ।
ਦੋਵਾਂ ਸੰਸਥਾਵਾਂ ਦੇ ਅਧਿਕਾਰੀਆਂ ਨੇ ਸਾਂਝ ਦੇ ਵੱਖ-ਵੱਖ ਮੁੱਦਿਆਂ ਉਪਰ ਗੱਲਬਾਤ ਕੀਤੀ।
ਇਸ ਦੌਰਾਨ ਵਿਦਿਆਰਥੀਆਂ ਦੇ ਬਿਹਤਰ ਵਿਕਾਸ ਲਈ ਪਾਠਕ੍ਰਮ-ਵਟਾਂਦਰਾ, ਖੋਜ ਅਤੇ ਪਸਾਰ ਮਾਹਿਰਾਂ ਦਾ ਆਦਾਨ ਪ੍ਰਦਾਨ ਆਦਿ ਵਿਸ਼ਿਆਂ ਤੇ ਭਰਪੂਰ ਵਿਚਾਰ ਹੋਇਆ। ਡਾ. ਸਾਂਘਾ ਨੇ ਦੋਵਾਂ ਸੰਸਥਾਵਾਂ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਮਾਹਿਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ, ਡੀਨ, ਡਾਇਰੈਕਟਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।