ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲੇ ਦੇ ਪਿੰਡ ਭੂੰਦੜੀ ਵਾਸੀਆਂ ਲਈ ਪੰਜ ਰੋਜ਼ਾ ਸਿਖਲਾਈ ਕੈਂਪ ਲਾਇਆ ਗਿਆ । ਇਸ ਸਿਖਲਾਈ ਦਾ ਉਦੇਸ਼ ਪੇਂਡੂ ਸੁਆਣੀਆਂ ਨੂੰ ਘਰੇਲੂ ਪੱਧਰ ‘ਤੇ ਭੋਜਨ ਸੰਭਾਲ ਸੰਬੰਧੀ ਜਾਣਕਾਰੀ ਦੇਣਾ ਸੀ।
ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਖੇਤੀ ਕਾਰਜਾਂ ਵਿੱਚ ਸੁਆਣੀਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਔਰਤਾਂ ਨੂੰ ਯਤਨਸ਼ੀਲ ਹੋਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਬਹੁਤ ਸਾਰੇ ਕਾਰਜਾਂ ਨਾਲ ਪੇਂਡੂ ਸੁਆਣੀਆਂ ਪਰਿਵਾਰਾਂ ਦਾ ਆਰਥਿਕ ਪੱਧਰ ਉੱਚਾ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ।
ਸਹਿਯੋਗੀ ਪ੍ਰੋਫੈਸਰ ਡਾ. ਮਨਮੀਤ ਕੌਰ ਨੇ ਪੇਂਡੂ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਸਮੁੱਚੇ ਪਰਿਵਾਰ ਦੇ ਕੰਮਕਾਜੀ ਹੋਣ ਦੇ ਸਿਧਾਂਤ ਉੱਪਰ ਜ਼ੋਰ ਦਿੱਤਾ । ਖੇਤੀ ਵਿਕਾਸ ਅਧਿਕਾਰੀ ਡਾ. ਸ਼ਰੇਅਜੀਤ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਅੱਗੇ ਆ ਕੇ ਪਰਿਵਾਰਾਂ ਵਿੱਚ ਆਰਥਿਕ ਸਾਧਨਾਂ ਦੀ ਪੈਦਾਵਾਰ ਲਈ ਕੰਮ ਕਰਨਾ ਪਵੇਗਾ । ਡਾ. ਲੋਪਾਮੁਦਰਾ ਮੋਹਪਾਤਰਾ ਨੇ ਖੇਤੀ ਕਾਰੋਬਾਰੀ ਸਿਖਲਾਈ ਉੱਪਰ ਜ਼ੋਰ ਦਿੰਦਿਆਂ ਸਵੈ ਸਹਾਇਤਾ ਗਰੁੱਪਾਂ ਰਾਹੀਂ ਔਰਤਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਉਦਾਹਰਨ ਦਿੱਤੀ।
ਇਸ ਸਿਖਲਾਈ ਦੌਰਾਨ ਦੁੱਧ, ਫਲਾਂ ਅਤੇ ਸਬਜ਼ੀਆਂ, ਮਠਿਆਈਆਂ, ਸਕੈਸ਼, ਨੈਕਟਰ, ਆਚਾਰ, ਚਿਪਸ ਆਦਿ ਬਨਾਉਣ ਦੀਆਂ ਪ੍ਰਦਰਸ਼ਨੀਆਂ ਕੀਤੀਆਂ ਗਈਆਂ । ਸਿਖਿਆਰਥੀਆਂ ਨੇ ਪੀ.ਏ.ਯੂ. ਵੱਲੋਂ ਇਸ ਲਾਹੇਵੰਦ ਸਿਖਲਾਈ ਨੂੰ ਆਯੋਜਿਤ ਕਰਨ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ।