ਪੀ.ਏ.ਯੂ. ਦੇ ਡਾ. ਸੰਜੀਵ ਚੌਹਾਨ, ਫਖਰੂਦੀਨ ਅਲੀ ਅਹਿਮਦ ਐਵਾਰਡ ਨਾਲ ਸਨਮਾਨਿਤ

TeamGlobalPunjab
2 Min Read

ਲੁਧਿਆਣਾ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੂੰ ਬੀਤੇ ਦਿਨੀਂ ਫ਼ਖਰੂਦੀਨ ਅਲੀ ਅਹਿਮਦ ਐਵਾਰਡ 2019 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਕਬੀਲਾਈ ਖੇਤੀ ਪ੍ਰਬੰਧ ਸੰਬੰਧੀ ਕੀਤੀ ਖੋਜ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ 92ਵੇਂ ਸਥਾਪਨਾ ਦਿਵਸ ਮੌਕੇ ਭਾਰਤ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਸਮਾਗਮ ਆਨਲਾਈਨ ਹੋਇਆ। ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਸ਼ੋਭਾ ਪੱਤਰ ਦੇ ਨਾਲ-ਨਾਲ ਇਸੇ ਖੇਤਰ ਵਿੱਚ ਖੋਜ ਅਤੇ ਅਧਿਐਨ ਲਈ ਏਨੀ ਹੀ ਰਕਮ ਬਦਲ ਵਜੋਂ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਡਾ. ਚੌਹਾਨ ਅਤੇ ਦੋ ਵਿਗਿਆਨੀਆਂ ਦੀ ਟੀਮ ਨੇ ਕਬੀਲਾਈ ਖੇਤੀ ਵਿੱਚ ਨਵੀਆਂ ਵਿਗਿਆਨਕ ਖੋਜਾਂ ਅਤੇ ਆਧੁਨਿਕ ਖੇਤੀ ਤਕਨਾਲੋਜੀਆਂ ਦੇ ਦਖ਼ਲ ਨਾਲ ਪਛੜੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਸੰਬੰਧੀ ਖੋਜ ਕੀਤੀ। ਇਸ ਖੋਜ ਦੌਰਾਨ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ, ਫ਼ਸਲਾਂ ਦੀ ਬਿਜਾਈ ਅਤੇ ਕਾਸ਼ਤ ਬਾਰੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਹੀ ਅਨਾਜ ਅਤੇ ਚਾਰੇ ਦੀਆਂ ਫ਼ਸਲਾਂ ਨਦੀਨ ਪ੍ਰਬੰਧ, ਮਿਆਰੀ ਭੋਜਨ ਉਤਪਾਦਨ ਅਤੇ ਪੌਦ-ਸੁਰੱਖਿਆ ਸੰਬੰਧੀ ਸਾਰੀਆਂ ਵਿਕਸਿਤ ਤਕਨਾਲੋਜੀਆਂ ਤੋਂ ਪਛੜੇ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਨਵੀਨ ਖੇਤੀ ਦੇ ਵਸੀਲੇ ਜਿਵੇਂ ਫ਼ਸਲੀ ਵਿਭਿੰਨਤਾ, ਬਾਗਾਂ ਦੀ ਸਾਂਭ-ਸੰਭਾਲ, ਪਸ਼ੂਆਂ ਦੀ ਸਿਹਤ ਸੰਭਾਲ, ਸਮੂਹਿਕ ਬੀਜ ਬੈਂਕ ਆਦਿ ਵੀ ਕਬੀਲਾਈ ਲੋਕਾਂ ਨੂੰ ਸਿਖਾਏ ਗਏ। ਪਿੰਡਾਂ ਦੇ 1180 ਦੇ ਕਰੀਬ ਲੋਕਾਂ ਤੱਕ ਸਵੱਛਤਾ ਅਭਿਆਨ ਪਹੁੰਚਾ ਕੇ 196 ਪਰਿਵਾਰਾਂ ਨੂੰ ਆਪਣੀ ਅਤੇ ਆਸ-ਪਾਸ ਦੀ ਸਿਹਤ ਸੁਧਾਰ ਸੰਬੰਧੀ ਜਾਗਰੂਕ ਕਰਨਾ ਵੀ ਇਸ ਖੋਜ ਪ੍ਰੋਜੈਕਟ ਦਾ ਹਿੱਸਾ ਸੀ। ਪੀ.ਏ.ਯੂ. ਵੱਲੋਂ ਇਸ ਤਰ੍ਹਾਂ ਦੀ ਨਿਵੇਕਲੀ ਖੋਜ ਦਾ ਹਿੱਸਾ ਬਣਨ ਕਾਰਨ ਡਾ. ਚੌਹਾਨ ਨੂੰ ਇਹ ਮਾਣਮੱਤਾ ਸਨਮਾਨ ਹਾਸਲ ਹੋਇਆ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ੍ਰੀ ਐਵਾਰਡੀ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਕਾਲਜ ਆਫ਼ ਹਾਰਟੀਕਲਚਰ ਦੇ ਡੀਨ ਡਾ. ਮਾਨਵਇੰਦਰ ਸਿੰਘ ਗਿੱਲ ਨੇ ਡਾ. ਚੌਹਾਨ ਨੂੰ ਇਸ ਐਵਾਰਡ ਲਈ ਵਧਾਈ ਪੇਸ਼ ਕਰਦਿਆਂ ਭਵਿੱਖ ਵਿੱਚ ਉਨ੍ਹਾਂ ਵੱਲੋਂ ਹੋਰ ਉਸਾਰੂ ਕਾਰਜ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

Share this Article
Leave a comment