ਪੀ.ਏ.ਯੂ. ਦੇ ਖਿਡਾਰੀਆਂ ਨੇ ਸਰਬ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਖੇਡਾਂ ਵਿੱਚ ਜਿੱਤੇ 4 ਸੋਨ ਮੈਡਲ

TeamGlobalPunjab
2 Min Read

ਹਰਮੀਤ ਕੌਰ ਰਹੀ ਬਿਹਤਰੀਨ ਐਥਲੀਟ

ਲੁਧਿਆਣਾ :ਪੀ.ਏ.ਯੂ. ਦੇ ਵਿਦਿਆਰਥੀਆਂ ਨੇ 1-5 ਮਾਰਚ ਤੱਕ ਤਿਰੂਪਤੀ ਦੀ ਸ੍ਰੀ ਵੈਂਕਟੇਸ਼ਵਰ ਵੈਟਨਰੀ ਯੂਨੀਵਰਸਿਟੀ ਵਿਖੇ ਹੋਈਆਂ 20ਵੀਆਂ ਸਰਬ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਖੇਡਾਂ ਵਿੱਚ ਕੁੱਲ 6 ਮੈਡਲ ਹਾਸਲ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖਿਡਾਰੀਆਂ ਨੇ 4 ਸੋਨ ਤਮਗੇ ਜਿੱਤੇ ਜਿਨ੍ਹਾਂ ਵਿੱਚ ਮਰਦਾਂ ਦੇ ਵਰਗ ਵਿੱਚ 400 ਮੀਟਰ ਅਤੇ 4×100 ਮੀਟਰ ਰਿਲੇਅ ਦੌੜ ਅਤੇ ਕੁੜੀਆਂ ਦੇ ਵਰਗ ਵਿੱਚ 800 ਮੀਟਰ ਅਤੇ 1500 ਮੀਟਰ ਦੌੜਾਂ ਸ਼ਾਮਲ ਹਨ।

ਇਸ ਦੇ ਨਾਲ ਹੀ ਇੱਕ ਚਾਂਦੀ ਦਾ ਮੈਡਲ ਮਰਦਾਂ ਦੀ 800 ਮੀਟਰ ਦੌੜ ਵਿੱਚ ਅਤੇ ਇੱਕ ਕਾਂਸੀ ਦਾ ਮੈਡਲ ਮਰਦਾਂ ਦੀ 200 ਮੀਟਰ ਦੌੜ ਵਿੱਚ ਜਿੱਤਿਆ। ਇਸ ਦੇ ਨਾਲ ਹੀ ਕੁੜੀਆਂ ਦੇ ਵਰਗ ਵਿੱਚ ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੀ ਵਿਦਿਆਰਥਣ ਕੁਮਾਰੀ ਹਰਮੀਤ ਕੌਰ ਨੂੰ ਸਰਵੋਤਮ ਐਥਲੀਟ ਐਲਾਨਿਆ ਗਿਆ। ਡਾ. ਧਾਲੀਵਾਲ ਨੇ ਇਹ ਵੀ ਦੱਸਿਆ ਕਿ ਕੁੜੀਆਂ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਪੀ.ਏ.ਯੂ. ਦੀ ਟੀਮ ਉਪ ਜੇਤੂ ਰਹੀ।

ਇਥੇ ਜ਼ਿਕਰਯੋਗ ਹੈ ਕਿ 13 ਕੁੜੀਆਂ ਅਤੇ 27 ਮੁੰਡਿਆਂ ਸਮੇਤ ਕੁੱਲ 40 ਮੈਂਬਰੀ ਪੀ.ਏ.ਯੂ. ਟੀਮ ਤਿੰਨ ਅਧਿਕਾਰੀਆਂ ਸਮੇਤ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਗਈ ਸੀ । ਡਾ. ਰਵਿੰਦਰ ਕੌਰ ਧਾਲੀਵਾਲ ਨੇ ਇਨ੍ਹਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਉਪਰ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਨਾਲ ਲਗਾਤਾਰ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮ ਨੇ ਖੇਡਾਂ ਵਿੱਚ ਪੀ.ਏ.ਯੂ. ਵੱਲੋਂ ਹਿੱਸਾ ਲੈਣ ਵਾਲੇ ਸਮੁੱਚੇ ਦਲ ਨੂੰ ਮੁਬਾਰਕ ਭਰੀ ਸ਼ਾਬਾਸ਼ ਦਿੱਤੀ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਪੀ.ਏ.ਯੂ. ਲਈ ਮਾਣ ਦੀਆਂ ਘੜੀਆਂ ਜਿੱਤਣ ਲਈ ਸ਼ਾਬਾਸ਼ ਦੇ ਬੋਲ ਕਹੇ।

- Advertisement -

Share this Article
Leave a comment