ਲੁਧਿਆਣਾ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਰਾਸ਼ਟਰੀ ਪੱਧਰ ਤੇ ਸਰਵੋਤਮ ਕੇ.ਵੀ.ਕੇ. ਸਨਮਾਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਪੀ.ਏ.ਯੂ. ਅਤੇ ਅਟਾਰੀ ਕੇਂਦਰ ਨੂੰ ਵੀ ਮਾਣਮੱਤੇ ਪੁਰਸਕਾਰ ਪ੍ਰਾਪਤ ਹੋਏ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ 92ਵੇਂ ਸਥਾਪਨਾ ਦਿਵਸ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿੱਚ ਇਹ ਇਨਾਮ ਦਿੱਤੇ ਗਏ। ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਹੋਏ ਇਸ ਇਨਾਮ ਵੰਡ ਸਮਾਰੋਹ ਵਿੱਚ 20 ਵੱਖ-ਵੱਖ ਵਰਗਾਂ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਹੋਏ।
ਪੀ.ਏ.ਯੂ. ਲੁਧਿਆਣਾ ਵਿਖੇ ਸਥਾਪਿਤ ਆਈ ਸੀ ਏ ਆਰ ਅਟਾਰੀ ਕੇਂਦਰ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਅਤੇ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੂੰ ਮਾਣਮੱਤਾ ਨਾਨਾ ਜੀ ਦੇਸ਼ਮੁਖ ਆਈ ਸੀ ਏ ਆਰ ਆਊਟਸਟੈਂਡਿੰਗ ਅੰਤਰ ਅਨੁਸਾਸ਼ਨੀ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਅਟਾਰੀ ਅਤੇ ਪੀ.ਏ.ਯੂ. ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਕੀਤੇ ਗਏ ਕੰਮਾਂ ਵਜੋਂ ਮਿਲਿਆ। ਇਸ ਇਨਾਮ ਵਿੱਚ 5 ਲੱਖ ਰੁਪਏ ਦੀ ਰਾਸ਼ੀ ਅਤੇ ਸਨਮਾਨ ਪੱਤਰ ਸ਼ਾਮਿਲ ਹੈ।
ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨੂੰ ਪੰਡਿਤ ਦੀਨ ਦਿਆਲ ਉਪਧਿਆਏ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਪ੍ਰੋਤਸਾਹਨ ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਵਿੱਚ 3 ਲੱਖ 75 ਹਜ਼ਾਰ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਸ਼ਾਮਿਲ ਹੈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਆਈ ਸੀ ਏ ਆਰ ਦੇ ਰਾਸ਼ਟਰੀ ਪੁਰਸਕਾਰ ਪੀ.ਏ.ਯੂ. ਨੂੰ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਟਰੀ ਪੁਰਸਕਾਰਾਂ ਵਿੱਚ ਵੀ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜੇ ਕਿਸਾਨ ਸ਼ਾਮਿਲ ਹਨ। ਇਹਨਾਂ ਵਿੱਚ ਮੋਗਾ ਦੇ ਪਿੰਡ ਚੂਹੜਚੱਕ ਦੇ ਕਿਸਾਨ ਸ. ਨਰਪਿੰਦਰ ਸਿੰਘ ਅਤੇ ਘੋਲੀਆ ਕਲਾਂ ਦੇ ਕਿਸਾਨ ਸ. ਚਮਕੌਰ ਸਿੰਘ ਦਾ ਨਾਮ ਸ਼ਾਮਿਲ ਹੈ। ਇਹਨਾਂ ਕਿਸਾਨਾਂ ਨੂੰ ਪੰਡਿਤ ਦੀਨ ਦਿਆਲ ਉਪਾਧਿਆਇ ਅਨਤੋਦਿਆ ਕ੍ਰਿਸ਼ੀ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨਾਲ ਜੁੜ ਕੇ ਖੇਤੀ ਨੂੰ ਨਵੀਆਂ ਲੀਹਾਂ ਤੇ ਤੋਰਨ ਵਾਲੇ ਕਿਸਾਨ ਮੇਜਰ ਮਨਮੋਹਨ ਸਿੰਘ ਵੇਰਕਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਕਿਸਾਨ ਨੂੰ ਬਾਬੂ ਜਗਜੀਵਨ ਰਾਮ ਅਭਿਨਵ ਕਿਸਾਨ ਪੁਰਸਕਾਰ ਦਿੱਤਾ ਗਿਆ।