ਫ਼ਤਹਿਗੜ੍ਹ ਸਾਹਿਬ :ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜਿ਼ਲ੍ਹੇ ਵਿੱਚ ਕਰਫਿਊ ਲਾਉਣ ਦੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸਮੂਹ ਆਲੂ ਉਤਪਾਦਕ ਇਹ ਯਕੀਨੀ ਬਨਾਉਣਗੇ ਕਿ ਆਲੂਆਂ ਦੀ ਪੁਟਾਈ ਦਾ ਕੰਮ ਪਿੰਡਾਂ ਵਿੱਚ ਮੌਜੂਦ ਲੇਬਰ ਤੋਂ ਹੀ ਕਰਵਾਇਆ ਜਾਵੇ। ਖੇਤਾਂ ਵਿੱਚ ਕੰਮ ਕਰਦੇ ਸਮੇਂ ਮਜ਼ਦੂਰ ਇੱਕ ਸਥਾਨ ਉਤੇ ਇੱਕਠੇ ਨਹੀਂ ਹੋਣਗੇ ਅਤੇ ਕੰਮ ਕਰਨ ਦੌਰਾਨ ਆਪਸ ਵਿੱਚ 01 ਤੋਂ 02 ਮੀਟਰ ਦੀ ਦੂਰੀ ਬਣਾ ਕੇ ਰੱਖਣਗੇ। ਕੰਮ ਕਰਦੀ ਲੇਬਰ ਅਤੇ ਉਹਨਾਂ ਦੇ ਪਰਿਵਾਰ ਨੂੰ ਨਿੱਤ ਵਰਤੋਂ ਯੋਗ ਰਾਸ਼ਨ, ਸੈਨੀਟਾਈਜ਼ਰ, ਮਾਸਕ ਆਦਿ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਵੇਗੀ।
ਕਿਸਾਨਾਂ ਨੂੰ ਆਪਣੀ ਫ਼ਸਲ ਕੋਲਡ ਸਟੋਰਾਂ ਤੱਕ ਲਿਜਾਣ ਲਈ ਉਨ੍ਹਾਂ ਦੇ ਵਾਹਨ ਸਮੇਤ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਕਿਸਾਨ ਆਪਣੇ ਪਛਾਣ ਪੱਤਰ ਭਾਵ ਫੋਟੋ ਵੋਟਰ ਕਾਰਡ, ਅਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਨਾਲ ਰੱਖੇਗਾ।ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫ਼ਸਲ ਸਟੋਰ ਕਰਨ ਵਾਸਤੇ ਮਿਤੀ 10/4/2020 ਤੱਕ ਖੁੱਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।ਸਟੋਰ ਮਾਲਕ ਕੋਵਿਡ-2019 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਸਮੇਂ ਸਮੇਂ ਸਿਰ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣਗੇ।ਕਿਸੇ ਵੀ ਹਾਲਤ ਵਿੱਚ ਲੋਡਿੰਗ ਅਨਲੋਡਿੰਗ ਅਤੇ ਗਰੇਡਿੰਗ ਦੌਰਾਨ 10 ਤੋਂ ਜ਼ਿਆਦਾ ਵਿਅਕਤੀਆਂ ਦੀ ਲੇਬਰ ਇੱਕਠੀ ਨਹੀਂ ਹੋਣ ਦਿੱਤੀ ਜਾਵੇਗੀ।