ਪਾਕਿਸਤਾਨ ‘ਚ ਹਿੰਦੂਆਂ ਨੇ ਕਰਕ ਮੰਦਰ ‘ਤੇ ਹਮਲਾ ਕਰਨ ਵਾਲਿਆਂ ‘ਤੇ ਲਗਾਇਆ ਜੁਰਮਾਨਾ

TeamGlobalPunjab
2 Min Read

ਨਵੀਂ ਦਿੱਲੀ  : ਪਾਕਿਸਤਾਨ ’ਚ ਹਿੰਦੂ ਭਾਈਚਾਰੇ ਨੇ ਦਸੰਬਰ 2020 ’ਚ ਕਰਕ ਜ਼ਿਲ੍ਹੇ ’ਚ ਇਕ ਮੰਦਰ ’ਚ ਹਮਲੇ ’ਚ ਸ਼ਾਮਲ 11 ਮਜ਼ਹਬੀ ਕੱਟੜਪੰਥੀਆਂ ’ਤੇ ਲਾਏ ਗਏ ਜੁਰਮਾਨੇ ਦੀ ਰਕਮ ਅਦਾ ਕੀਤੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਖੈਬਰ-ਪਖਤੂਨਖਵਾ (ਕੇ-ਪੀ) ਸਰਕਾਰ ਦੇ ਇਤਰਾਜ਼ਾਂ ਦੇ ਬਾਵਜੂਦ ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਤੋਂ ਮੰਦਰ ਲਈ 30.30 ਮਿਲੀਅਨ ਰੁਪਏ ਦੀ ਵਸੂਲੀ ਕਰਨ ਦਾ ਹੁਕਮ ਦਿੱਤਾ ਸੀ।ਇਹ ਰਕਮ ਆਲ ਪਾਕਿਸਤਾਨ ਹਿੰਦੂ ਕੌਂਸਲ ਦੇ ਫੰਡ ’ਚੋਂ ਦਿੱਤੀ ਗਈ। ਇਸ ਹਮਲੇ ’ਚ ਸ਼ਾਮਲ ਸਥਾਨਕ ਕੱਟੜਪੰਥੀ ਮੰਦਰ ਦੇ ਮੁੜ ਨਿਰਮਾਣ ’ਚ ਅੜਿੱਕਾ ਡਾਹ ਰਹੇ ਹਨ।

ਮੰਦਰ ਦਾ ਨਿਰਮਾਣ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਕ ਸਥਾਨਕ ਆਗੂ ਤੇ ਉਸ ਦੇ ਹਮਾਇਤੀ ਇਸ ਆਧਾਰ ’ਤੇ ਵਿਰੋਧ ’ਚ ਲੱਗੇ ਹਨ ਕਿ ਮੰਦਰ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੇ ਠੇਕੇਦਾਰ ਨੂੰ ਮੰਦਰ ਦੇ ਬਰਾਂਡੇ ਦੇ ਅੱਗੇ ਇਕ ਕੰਧ ਬਣਾਉਣ ਲਈ ਵੀ ਕਿਹਾ ਹੈ। ਇਸ ਦੇ ਉਲਟ ਹਿੰਦੂ ਭਾਈਚਾਰੇ ਨੇ ਭੰਨਤੋੜ ’ਚ ਸ਼ਾਮਲ ਰਹੇ ਲੋਕਾਂ ’ਤੇ ਲੱਗੇ ਜੁਰਮਾਨੇ ਦੇ ਰਕਮ ਅਦਾ ਕਰ ਕੇ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

ਰਿਪੋਰਟ ਵਿੱਚ ਕਿਹਾ ਗਿਆ ਹੈ, “ਪੁਲਿਸ ਵੱਲੋਂ ਐਫਆਈਆਰ ਵਿੱਚ ਕੁੱਲ 123 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਹਮਲੇ ਦੀ ਵੀਡੀਓ ਫੁਟੇਜ ਦੀ ਮਦਦ ਨਾਲ ਨਾਮਜ਼ਦ ਕੀਤਾ ਗਿਆ ਹੈ।” ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ 123 ਵਿਅਕਤੀਆਂ ਨੂੰ ਪਹਿਲਾਂ ਹੀ 26 ਅਕਤੂਬਰ ਨੂੰ ਆਪਣੇ ਹਿੱਸੇ ਦਾ ਜੁਰਮਾਨਾ ਭਰਨ ਲਈ ਨੋਟਿਸ ਭੇਜੇ ਸਨ।

Share This Article
Leave a Comment