ਨਾਭਾ: ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਟਿਆਲਾ ਦੇ ਭਾਦਸੋਂ ਥਾਣੇ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਸਵੇਰੇ 5.30 ਵਜੇ ਦੇ ਕਰੀਬ ਪਿੰਡ ਦੇ ਇੱਕ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ।
ਪਿੰਡ ਵਾਸੀਆਂ ਅਨੁਸਾਰ ਪਿੰਡ ਦੇ ਗੱਜਣ ਸਿੰਘ ਕੌਮ ਜੱਟ ਦਾ ਪੁੱਤਰ ਜਗਦੀਪ ਸਿੰਘ ਸਵੇਰੇ ਪੰਜ ਵਜੇ ਬੀੜ ਸਾਹਿਬ ‘ਤੇ ਚੜ੍ਹਿਆ, ਜੋਕਿ ਨੰਗੇ ਸਿਰ ਸੀ ਅਤੇ ਉਸ ਨੇ ਪੈਰਾਂ ਵਿੱਚ ਚੱਪਲਾਂ ਪਾਈਆਂ ਹੋਈਆਂ ਸਨ। ਜਿਵੇਂ ਹੀ ਉਸ ਵਿਅਕਤੀ ਨੇ ਗ੍ਰੰਥੀ ਦੇ ਕੋਲ ਖੜ੍ਹੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗ੍ਰੰਥੀ ਸਿੰਘਾਂ ਵੱਲੋਂ ਬੇਅਦਬੀ ਕਰਨ ਤੋਂ ਬਚਾ ਲਿਆ ਗਿਆ।ਜਦੋਂ ਲੋਕਾਂ ਨੇ ਦੋਸ਼ੀ ਨੂੰ ਫੜਨਾ ਸ਼ੁਰੂ ਕੀਤਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜੀ ਹੋਈ ਤਲਵਾਰ ਚੁੱਕ ਕੇ ਪਿੰਡ ਵੱਲ ਦੌੜਿਆ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀਵੀ ਕੈਮਰੇ ਵਿੱਚ ਕੈਦ ਹੋ ਗਈ, ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਭਾਦਸੋਂ ਥਾਣੇ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਧਾਰਾ 295ਏ, 380 ਤਹਿਤ ਕੇਸ ਦਰਜ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਅੱਜ ਤੋਂ 1 ਸਾਲ ਪਹਿਲਾਂ ਇਸਨੇ ਪਿੰਡ ਸੀਲ, ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿੱਚ ਵੀ ਬੇਅਦਬੀ ਕੀਤੀ ਸੀ।