ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਭਿਆਨਕ ਅੱਗ ਲੱਗਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਨਿਊਯਾਰਕ ਦੇ ਮੇਅਰ ਨੇ ਕਿਹਾ ਕਿ ਐਤਵਾਰ ਨੂੰ ਸ਼ਹਿਰ ਦੀ ਇੱਕ ਉੱਚੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ।
ਨਿਊਯਾਰਕ ਸ਼ਹਿਰ ਦੇ ਫਾਇਰ ਡਿਪਾਰਟਮੈਂਟ ਮੁਤਾਬਕ ਬ੍ਰਾਂਕਸ ਸਥਿਤ 19 ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਦੀ ਟੀਮ ਦੇ ਦੋ ਸੌ ਲੋਕਾਂ ਨੇ ਉੱਥੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਕੀਤਾ। ਇਹ ਅੱਗ ਐਤਵਾਰ ਸਵੇਰੇ 11 ਵਜੇ ਲੱਗੀ ਸੀ। ਇਹ ਘਟਨਾ ਫਿਲਡੇਲਫੀਆ ਦੇ ਅਗਨੀਕਾਂਡ ਦੇ ਇਕ ਦਿਨ ਬਾਅਦ ਦੀ ਹੈ ਜਿਸ ’ਚ 12 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 8 ਬੱਚੇ ਸਨ।

ਨਿਊਯਾਰਕ ਸ਼ਹਿਰ ਦੇ ਮੇਅਰ ਐਰਿਕ ਐਡਮਜ਼ ਨੇ ਦੱਸਿਆ ਕਿ “19 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਕਈਆਂ ਦੀ ਹਾਲਤ ਗੰਭੀਰ ਹੈ।” ਉਨ੍ਹਾਂ ਕਿਹਾ ਕਿ 63 ਲੋਕ ਜ਼ਖਮੀ ਹੋਏ ਹਨ। ਮੇਅਰ ਨੇ ਕਿਹਾ, “ਇਹ ਸਾਡੇ ਇਤਿਹਾਸ ਵਿੱਚ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਹੈ।”ਐਡਮਸ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਸ਼ਹਿਰ ਦੀ ਬੇਹੱਦ ਦੁਖਦ ਤੇ ਦਿਲ ਨੂੰ ਚੋਟ ਪਹੁੰਚਾਉਣ ਵਾਲੀ ਘਟਨਾ ਹੈ। ਇਸ ਘਟਨਾ ਨਾ ਪੂਰਾ ਨਿਊਯਾਰਕ ਸ਼ੋਕ ਤੇ ਦਰਦ ’ਚ ਹੈ। ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਸ਼ਹਿਰ ਸਦਮੇ ’ਚ ਹੈ। ਮੇਅਰ ਐਡਮਸ ਨੇ ਕਿਹਾ ਕਿ ਉਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਫੰਡ ਬਣਾਏਗੀ ਤਾਂਕਿ ਨਵੇਂ ਘਰ ਬਣਾਉਣ ਤੇ ਕਬਰ ’ਚ ਦਫ਼ਨਾਉਣ ਦੇ ਖਰਚਿਆਂ ਦਾ ਪ੍ਰਬੰਧ ਕੀਤਾ ਜਾ ਸਕੇ। ਲਗਪਗ 44 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਜਿਨ੍ਹਾਂ ’ਚੋਂ 13 ਬੇਹੱਦ ਗੰਭੀਰ ਹਨ।