ਨਵਜੋਤ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ਬਣੀ ਰਾਜਨੀਤੀ ਦਾ ਕੇਂਦਰ ਬਿੰਦੂ, 30 ਦੇ ਕਰੀਬ ਵਿਧਾਇਕ ਪਹੁੰਚੇ ਸਿੱਧੂ ਨੂੰ ਮਿਲਣ

TeamGlobalPunjab
3 Min Read

ਚੰਡੀਗੜ੍ਹ (ਬਿੰਦੂ ਸਿੰਘ) : ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦਾ ਰਸਮੀ ਐਲਾਨ ਹੀ ਹੋਣਾ ਬਾਕੀ ਰਹਿ ਗਿਆ ਹੈ ਜਦੋਂ ਕਿ ਕੱਲ੍ਹ ਤੀਹ(30) ਦੇ ਕਰੀਬ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਪਟਿਆਲਾ ਰਿਹਾਇਸ਼ ‘ਤੇ ਮਿਲਣ ਗਏ । ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਰਿਹਾਇਸ਼ ਰਾਜਨੀਤੀ ਦਾ ਕੇਂਦਰ ਬਿੰਦੂ ਬਣੀ ਰਹੀ।

ਇਸ ਦੌਰਾਨ ਨਵਜੋਤ ਸਿੱਧੂ ਵੀ ਸ਼ਾਮ ਦੇ ਸਮੇਂ ਆਪਣੀ ਰਿਹਾਇਸ਼ ‘ਤੇ ਪਹੁੰਚ ਗਏ ਸਨ। ਚਰਚਾਵਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਲਗਭਗ ਤੈਅ ਹੈ। ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿਖੇ ਮੁਲਾਕਾਤਾਂ ਤੋਂ ਬਾਅਦ ਦੁਪਹਿਰ ਨੂੰ ਪਟਿਆਲਾ ਪਹੁੰਚੇ। ਇਸ ਦੌਰਾਨ ਸਿੱਧੂ ਦੇ ਨਾਲ ਹੀ ਕਾਂਗਰਸ ਦੇ ਕਈ ਵਿਧਾਇਕ ਵੀ ਇਥੇ ਪਹੁੰਚੇ ਅਤੇ ਕਈਆਂ ਦਾ ਬਾਅਦ ‘ਚ ਆਉਣਾ ਜਾਰੀ ਰਿਹਾ।

ਬੀਤੇ ਦਿਨ ਜਿਉਂ ਹੀ ਨਵਜੋਤ ਸਿੱਧੂ ਦੀ ਪ੍ਰਧਾਨਗੀ ਦੀਆਂ ਚਰਚਾਵਾਂ ਹੋਣ ਲੱਗੀਆਂ ਤਾਂ ਸਿੱਧੂ ਦੇ ਪ੍ਰਸ਼ੰਸਕਾਂ ਨੇ ਖ਼ੁਸੀ ਵਿੱਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਅਤੇ ਢੋਲੀਆਂ ਨੇ ਢੋਲ ਵਜਾਉਣੇ ਪਰ ਸ਼ਾਮ ਵੇਲੇ ਹਰੀਸ਼ ਰਾਵਤ ਦੇ ਬਿਆਨ ਕਿ ਪੰਜਾਬ ਪ੍ਰਧਾਨਗੀ ਨੂੰ ਲੈ ਕੇ ਹਾਈਕਮਾਨ ਦਾ ਹਰ ਫ਼ੈਸਲਾ ਸਵੀਕਾਰ ਹੋਵੇਗਾ, ਨੇ ਮੁੜ ਨਵੀਆਂ ਚਰਚਾਵਾਂ ਛੇੜ ਦਿੱਤੀਆਂ।

ਇਨ੍ਹਾਂ ਆਗੂਆਂ ਨੇ ਇੱਥੇ ਦੁਪਹਿਰ ਦਾ ਖਾਣਾ ਵੀ ਖਾਧਾ ਪਰ ਵਿਧਾਇਕ ਪਰਗਟ ਸਿੰਘ ਦੇਰ ਸ਼ਾਮ ਤੱਕ ਇੱਥੇ ਰਹੇ।

 

ਬੀਤੇ ਦਿਨੀਂ ਹੋਏ ਮੇਲ-ਮਿਲਾਪ ਦੌਰਾਨ ਸਿੱਧੂ ਨਾਲ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਦਵਿੰਦਰ ਸਿੰਘ ਘੁਬਾਇਆ, ਬਰਿੰਦਰਮੀਤ ਪਾਹੜਾ, ਕੁਲਬੀਰ ਜੀਰਾ, ਦਰਸ਼ਨ ਸਿੰਘ ਬਰਾੜ ਸਮੇਤ ਰਜਿੰਦਰ ਸਿੰਘ ਕਾਕਾ, ਪ੍ਰੀਤਮ ਕੋਟਭਾਈ ਨੇ ਮੁਲਾਕਾਤ ਕੀਤੀ। ਇੱਥੇ ਮੁਲਾਕਾਤ ਤੋਂ ਬਾਅਦ ਵਿਧਾਇਕਾਂ ਦਾ ਕਾਫਿਲਾ ਸਿੱਧੂ ਨਾਲ ਪਟਿਆਲਾ ਵੀ ਗਿਆ, ਜਿੱਥੇ ਵਿਧਾਇਕ ਪਰਗਟ ਸਿੰਘ, ਨੇਤਾ ਸ਼ੇਰ ਸਿੰਘ ਘੁਬਾਇਆ ਨੇ ਵੀ ਸਿੱਧੂ ਨਾਲ ਤਸਵੀਰਾਂ ਖਿਚਵਾਈਆਂ।ਨਵਜੋਤ ਸਿੰਘ ਸਿੱਧੂ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦਾ ਸਾਥ ਮੰਗ ਰਹੇ ਹਨ।

ਦੱਸ ਦੇਈਏ ਕਿ ਨਿੱਤ ਦਿਨ ਹੋ ਰਹੀਆਂ ਬੈਠਕਾਂ ਨੇ ਕਾਂਗਰਸ ਦੇ ਮੰਤਰੀਆਂ ਸਣੇ ਵਿਧਾਇਕਾਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿ ਆਖ਼ਿਰ ਪ੍ਰਧਾਨਗੀ ਦਾ ਤਾਜ ਕਿਸਦੇ ਸਿਰ ਸਜੇਗਾ। ਆਏ ਦਿਨ ਅੰਦਾਜ਼ੇ ਲਗਾਏ ਜਾਂਦੇ ਹਨ ਕਿ ਪ੍ਰਧਾਨਗੀ ਸਿੱਧੂ ਦੇ ਹਿੱਸੇ ਆ ਚੁੱਕੀ ਹੈ ਤੇ ਐਲਾਨ ਹੋਣਾ ਬਾਕੀ ਹੈ।

 

ਇਸ ਕੜੀ ਵਿਚ, ਕੈਪਟਨ ਦੇ ਬਾਗੀ ਵਿਧਾਇਕ ਨਿਰਮਲ ਸ਼ੁਤਰਾਣਾ ਨੇ ਵੀ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ।

ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੀ ਅਜੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਸੀ ਪਰ ਬਟਾਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਤੋਂ ਬਿਨਾਂ ਨਵਜੋਤ ਸਿੱਧੂ ਦੇ ਮੁਖੀ ਬਣਨ ਲਈ ਹੋਰਡਿੰਗ ਲਗਾ ਦਿੱਤੀਆਂ ਗਈਆਂ ਸਨ। ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 
Share This Article
Leave a Comment