ਨਵਜੋਤ ਸਿੱਧੂ ਤੋਂ ਬਾਅਦ ਹੁਣ ਪੰਜਾਬ ਦੇ ਇਸ ਵੱਡੇ ਕਾਂਗਰਸੀ ਆਗੂ ਨੇ ਕੈਪਟਨ ਵਿਰੁੱਧ ਖੋਲ੍ਹਿਆ ਮੋਰਚਾ

TeamGlobalPunjab
3 Min Read

ਚੰਡੀਗੜ੍ਹ : ਵੈਸੇ ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਸਿਆਸੀ ਤੌਰ ‘ਤੇ ਰਹਿ ਰਹਿ ਕੇ ਕੁਝ ਨਾ ਕੁਝ ਅਜਿਹਾ ਹੁੰਦਾ ਹੀ ਰਹਿੰਦਾ ਹੈ ਜਿਹੜਾ ਕਿ ਸੂਬੇ ਦੀ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਦਾ ਰਹਿੰਦਾ ਹੈ, ਪਰ ਪਿਛਲੇ ਲੰਮੇਂ ਸਮੇਂ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਸੀ ਜਿਹੜਾ ਕਿ ਚਰਚਾ ਦਾ ਵਿਸ਼ਾ ਬਣਦਾ ਹੈ। ਪਰ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੀ ਸਾਰੀ ਕਸਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪੈਦਾ ਹੋਏ ਵਿਵਾਦ ਨੇ ਪੂਰੀ ਕਰ ਦਿੱਤੀ ਸੀ। ਹੁਣ ਜਦੋਂ ਸਿੱਧੂ ਤੇ ਕੈਪਟਨ ਦਾ ਵਿਵਾਦ ਕੁਝ ਚਿਰ ਲਈ ਰੁਕਿਆ ਹੈ ਤਾਂ ਬਾਜਵਾ ਮੁੜ ਸਰਗਰਮ ਹੋ ਗਏ ਜਾਪਦੇ ਹਨ। ਜਿੰਨਾਂ ਨੇ ਪੰਜਾਬ ਵਿਚ ਹੋ ਰਹੀ ਨਾਜਾਇਜ਼ ਮਾਇਨਿੰਗ ਦਾ ਮੁੱਦਾ ਚੁੱਕਦਿਆਂ ਕੈਪਟਨ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਇਸ ਮਸਲੇ ਦਾ ਜਲਦ ਹੱਲ ਨਾ ਕੱਢਿਆ ਤਾਂ ਉਹ ਇਸ ਸਬੰਧੀ ਅਗਲਾ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਣਗੇ। ਬਾਜਵਾ ਅਨੁਸਾਰ ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਨਾ ਤਾਂ ਪੰਜਾਬ ਵਿੱਚੋਂ ਨਸ਼ਿਆਂ ਦਾ ਮਸਲਾ ਖਤਮ ਹੋਇਆ ਹੈ ਤੇ ਨਾ ਹੀ ਨਾਜਾਇਜ਼ ਮਾਇੰਨਿੰਗ ਦਾ। ਇਨ੍ਹਾਂ ਦੋਵਾਂ ਦੇ ਨਾ ਰੁਕਣ ਦਾ ਕਾਰਨ ਸਰਕਾਰੀ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਆਪਸ ਵਿੱਚ ਮਿਲੀਭੁਗਤ ਹੋਣਾ ਹੈ। ਕਿਉਂ ਹੋ ਗਈ ਨਾ ਉਹੀ ਨਵਜੋਤ ਸਿੰਘ ਸਿੱਧੂ ਦੀ 75-25 ਵਾਲੀ ਗੱਲ? ਹਾਂ ਹਾਂ… ਸਾਨੂੰ ਪਤਾ ਹੈ… ਤੁਸੀਂ ਇੱਥੇ ਕਹੋ਼ਗੇ ਕਿ ਉਹ ਤਾਂ ਸਿੱਧੂ ਨੇ ਫਲਾਣੇ ਬਾਰੇ ਕਿਹਾ ਸੀ ਤੇ ਇਹ ਗੱਲ ਕੁਝ ਹੋਰ ਹੈ, ਪਰ ਮਿੱਤਰੋ ਗੱਲ ਤਾਂ ਉੱਥੇ ਵੀ ਮਿਲੀਭੁਗਤ ਦੀ ਹੋਈ ਸੀ ਤੇ ਇੱਥੇ ਵੀ ਮਿਲੀਭੁਗਤ ਦੀ ਹੈ।

ਕਾਂਗਰਸ ਪਾਰਟੀ ਦੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਨੁਸਾਰ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਦਾ ਧੰਦਾ ਬਿਨਾਂ ਰੋਕ-ਟੋਕ ਧੜ੍ਹਾ ਧੜ੍ਹ ਚੱਲ ਰਿਹਾ ਹੈ, ਜੋ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਬਾਜਵਾ ਨੇ ਧਮਕੀ ਭਰੇ ਅੰਦਾਜ ਵਿੱਚ ਕਿਹਾ ਕਿ ਜੇਕਰ ਇਸ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਦ ਕੋਈ ਪ੍ਰਤੀਕਿਰਿਆ ਨਾ ਦਿੱਤੀ ਤਾਂ ਉਹ ਅਗਲਾ ਕਦਮ ਚੁੱਕਣਗੇ।

ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਨਸ਼ਿਆ ਦੇ ਮੁੱਦੇ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨੀਂ ਦਿਨੀਂ ਸੂਬੇ ਦੀ ਪੁਲਿਸ ਨਸ਼ਾ ਤਸ਼ਕਰਾਂ ਨਾਲ ਗੰਢਤੁੱਪ ਕਰੀ ਬੈਠੀ ਹੈ ਜਿਸ ਕਾਰਨ ਨਸ਼ਿਆਂ ਦਾ ਇਹ ਦਰਿਆ ਰੁਕਣ ਬਜਾਏ ਹੜ੍ਹ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਹੜਾ ਕਿ ਤਬਾਹੀ ਮਚਾਉਂਦਾ ਪੰਜਾਬ ਦੀ ਜ਼ਵਾਨੀ ਨੂੰ ਅੰਨ੍ਹੀ ਗਾਰ ‘ਚ ਰੋੜ ਕੇ ਲੈ ਜਾ ਰਿਹਾ ਹੈ। ਬਾਜਵਾ ਨੇ ਇੱਥੇ ਬਿਨਾਂ ਨਾਮ ਲਏ ਕਿਹਾ ਕਿ ਇਨ੍ਹਾਂ ਨਸ਼ਾ ਤਸਕਰੀ ਵਿੱਚ ਕੁਝ ਸਿਆਸਤਦਾਨਾਂ ਦਾ ਹੱਥ ਹੈ ਤੇ ਸਰਕਾਰ ਦਾ ਕੰਮ ਹੈ ਉਨ੍ਹਾਂ ਦੀ ਜਾਂਚ ਕਰੇ ਅਤੇ ਪਤਾ ਲਗਾਵੇ ਕਿ ਉਹ ਚਿਹਰੇ ਕੌਣ ਹਨ?

Share this Article
Leave a comment