ਮੋਹਾਲੀ ; ਸੋਸ਼ਲ ਮੀਡੀਆ ਤੇ ਸੰਧੂ ਜੋੜੀ ਦੇ ਨਾਂ ਤੇ ਮਸ਼ਹੂਰ ਇਥੋਂ ਦੇ ਸੈਕਟਰ 70 ‘ਚ ਸਥਿਤ ‘ਦਾ ਪ੍ਰਾਪਰ ਵੇ ਇਮੀਗ੍ਰੇਸ਼ਨ ਕੰਪਨੀ’ ਦੀ ਮਾਲਕ ਬਲਜਿੰਦਰ ਕੌਰ ਨੂੰ ਆਰਥਿਕ ਅਪਰਾਧ ਸ਼ਾਖਾ ਪੁਲਿਸ ਨੇ ਧੋਖਾਧੜੀ ਦੇ ਇੱਕ ਮਾਮਲੇ ‘ਚ ਗ੍ਰਿਫਤਾਰ ਕਰਕੇ ਜਦੋਂ ਅਦਾਲਤ ‘ਚ ਪੇਸ਼ ਕੀਤਾ, ਤਾਂ ਬਲਜਿੰਦਰ ਕੌਰ ਉੱਥੇ ਜੱਜ ਦੇ ਸਾਹਮਣੇ ਹੀ ਹੱਥ ਜੋੜ ਕੇ ਮਿੰਨਤਾਂ ਤਰਲਿਆਂ ਤੇ ਉਤਰ ਆਈ ਤੇ ਦੇਖਦਿਆਂ ਹੀ ਦੇਖਦਿਆਂ ਉਸਨੇ ਜੱਜ ਦੇ ਸ਼ਾਹਮਣੇ ਹੀ ਸ਼ਿਕਾਇਤਕਰਤਾ ਦੇ 4 ਲੱਖ 20 ਹਾਜ਼ਰ ਰੁਪਏ ਵਾਪਸ ਮੋੜ ਦਿੱਤੇ।
ਹੋਇਆ ਇੰਝ ਕਿ ਮੋਹਾਲੀ ਜ਼ਿਲ੍ਹੇ ਦੀ ਆਰਥਿਕ ਅਪਰਾਧ ਸ਼ਾਖਾ ਨੇ ਸੰਧੂ ਜੋੜੀ ਦੇ ਖ਼ਿਲਾਫ਼ ਧੋਖਾਧੜੀ ਦੇ 2 ਕੇਸ ਦਰਜ਼ ਕੀਤੇ ਸਨ। ਜਿਸ ਵਿੱਚੋਂ ਇੱਕ ਕੇਸ ‘ਚ ਪੁਲਿਸ ਨੇ ਜਦੋ ਬਲਜਿੰਦਰ ਕੌਰ ਸੰਧੂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਤਾਂ ਉਹ ਜੱਜੇ ਅੱਗੇ ਹੱਥ ਜੋੜ ਕੇ ਖੜ੍ਹੀ ਹੋ ਗਈ ਤੇ ਜੱਜ ਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਜੇਲ੍ਹ ਨਾ ਭੇਜਿਓ ਮੈਂ ਸ਼ਿਕਾਇਤਕਰਤਾ ਦੇ ਪੂਰੇ ਪੈਸੇ ਹੁਣੇ ਇੱਥੇ ਹੀ ਵਾਪਸ ਮੋੜ ਦਿੰਦੀ ਹਾਂ। ਇਸ ‘ਤੇ ਜੱਜ ਨੇ ਜਦੋਂ ਸ਼ਿਕਾਇਤਕਰਤਾ ਨੂੰ ਪੁੱਛਿਆ ਕਿ ਤੁਸੀਂ ਕੀ ਕਹਿੰਦੇ ਹੋ, ਤਾਂ ਉਸਨੇ ਕਿਹਾ ਕਿ ਮੇਰੇ ਨਾਲ ਤਾਂ ਧੋਖਾ ਹੋਇਆ ਹੈ ਅੱਗੇ ਤੁਸੀਂ ਦੇਖਣਾ ਹੈ। ਜਿਸ ਤੋਂ ਬਾਅਦ ਅਦਾਲਤ ਦੀ ਮਨਜ਼ੂਰੀ ਲੈਕੇ ਬਲਜਿੰਦਰ ਕੌਰ ਨੇ ਉੱਥੇ ਹੀ 4 ਲੱਖ 20 ਹਾਜ਼ਰ ਰੁਪਏ ਸ਼ਿਕਾਇਤਕਰਤਾ ਨੂੰ ਵਾਪਸ ਮੋੜ ਦਿੱਤੇ। ਬਲਜਿੰਦਰ ਕੌਰ ਨੂੰ ਇਸ ਤੋਂ ਬਾਅਦ ਅਦਾਲਤ ਚੋਂ ਜ਼ਮਾਨਤ ਮਿਲ ਗਈ।