ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੱਜ ਤੀਸਰੇ ਦਿਨ ਫਿਰ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਤ ਬਿਆਨ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਮਾਮਲਾ ਗਰਮਾਇਆ ਰਿਹਾ। ਪਰ ਮੁੱਖ ਮੰਤਰੀ ਕੈਪਟਨ ਵਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਡੀਜੀਪੀ ਮਾਮਲੇ ਤੇ ਬਿਆਨ ਦਿੱਤੇ ਜਾਣ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ। ਤਾਂ ਕਿਹਾ ਕਿ ਹਰ ਕੋਈ ਵਿਅਕਤੀ ਗਲਤੀ ਕਰ ਸਕਦਾ ਹੈ ਅਤੇ ਇਸੇ ਤਰ੍ਹਾਂ ਦੀ ਗਲਤੀ ਡੀਜੀਪੀ ਦਿਨਕਰ ਗੁਪਤਾ ਤੋਂ ਹੋਈ ਹੈ ਜਿਸ ਕਾਰਨ ਹੁਣ ਮਾਮਲੇ ਨੂੰ ਬਹੁਤਾ ਤੂਲ ਨਹੀਂ ਦੇਣੀ ਚਾਹੀਦੀ।
ਜਦੋਂ ਬਜਟ ਇਜਲਾਸ ਸ਼ੁਰੂ ਹੋਇਆ ਤਾਂ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਖ਼ਿਲਾਫ਼ ਦੋਸ਼ ਲਗਾਉਣ ਵਾਲੇ ਡੀਐੱਸਪੀ ਨੂੰ ਉਹ ਬਰਤਰਫ਼ ਕਰਨਗੇ । ਪਰ ਵਿਰੋਧੀ ਧਿਰਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਨੂੰ ਹੋਰ ਤੂਲ ਦੇ ਦਿੱਤਾ ਅਤੇ ਕਿਹਾ ਕਿ ਜੋ ਭ੍ਰਿਸ਼ਟਾਚਾਰ ਦੇ ਵਿਰੋਧੀ ਡੀਐੱਸਪੀ ਹੈ ਉਸ ਖਿਲਾਫ਼ ਮੁੱਖ ਮੰਤਰੀ ਦਾ ਅਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ।
ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡੀਐੱਸਪੀ ਜਿਸ ਮਾਮਲੇ ਦੀ ਜਾਂਚ ਕਰਦਾ ਸੀ ਉਸ ਦੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਪਰ ਡੀਐੱਸਪੀ ਖ਼ਿਲਾਫ਼ ਹੀ ਕਾਰਵਾਈ ਕਰਕੇ ਸਰਕਾਰ ਨੇ ਵਿਖਾ ਦਿੱਤਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਵਿਕਸਤ ਕਰ ਰਹੀ ਹੈ।
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੰਤਰੀ ਭਾਰਤ ਭੂਸ਼ਨ ਆਸ਼ੂ ਖਿਲਾਫ ਪਹਿਲਾਂ ਪੁਲਸ ਨੇ ਚਲਾਨ ਹੀ ਨਹੀਂ ਸੀ ਪੇਸ਼ ਕੀਤਾ ਜਿਸ ਕਾਰਨ ਫਿਰ ਤੋਂ ਕੇਸ ਚਲਾਉਣਾ ਚਾਹੀਦਾ ਹੈ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਇਸ ਪੱਖੋਂ ਨਿਖੇਧੀ ਕੀਤੀ ਕਿ ਵਿਵਾਦਤ ਬਿਆਨ ਵਾਲੇ ਡੀਜੀਪੀ ਨੂੰ ਪੁਲਸ ਮੁਖੀ ਦੇ ਅਹੁਦੇ ‘ਤੇ ਕਿਉਂ ਰੱਖਿਆ ਹੋਇਆ ਹੈ ।
ਵਿਧਾਨ ਸਭਾ ਦੇ ਬਾਹਰ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਰੋਸ ਵਿਖਾਵਾ ਕੀਤਾ । ਲੰਮਾ ਸਮਾਂ ਰਾਜਪਾਲ ਦੇ ਭਾਸ਼ਣ ‘ਤੇ ਵਿਧਾਨ ਸਭਾ ਦੇ ਅੰਦਰ ਚਰਚਾ ਹੋਈ ਜਿਸ ਵਿੱਚ ਵਿਰੋਧੀਆਂ ਨੇ ਸਰਕਾਰ ਦੀਆਂ ਖਾਮੀਆਂ ਗਿਣਾਈਆਂ ਅਤੇ ਸੱਤਾਧਾਰੀਆਂ ਨੇ ਆਪਣੀ ਸਰਕਾਰ ਦੇ ਸੋਹਲੇ ਗਾਏ।