ਦਮਦਮੀ ਟਕਸਾਲ ਦੇ ਮੁਖੀ ਸੰਤ ਗਿ:ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿੱਖ ਚਿੰਤਕ ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਰਚਿਤ ਪੁਸਤਕ ‘ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’ ਜਾਰੀ

TeamGlobalPunjab
3 Min Read

ਮਹਿਤਾ ਚੌਕ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਪੰਥ ਦੇ ਵਿਦਵਾਨ ਤੇ ਚਿੰਤਕ ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’’ ਨੂੰ ਜਾਰੀ ਕਰਦਿਆਂ ਉਨ੍ਹਾਂ ਵੱਲੋਂ ਮਰਿਯਾਦਾ ਬਾਰੇ ਖੋਜ ਅਤੇ ਤੱਥਾਂ ਦੇ ਅਧਾਰਿਤ ਵਡਮੁੱਲੀ ਪੁਸਤਕ ਪ੍ਰਕਾਸ਼ਿਤ ਕਰਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਸਿੱਖ ਚਿੰਤਕ ਗੁਰਚਰਨਜੀਤ ਸਿੰਘ ਲਾਂਬਾ ਨੂੰ ਗੁਰਬਾਣੀ, ਗੁਰਮਤਿ ਅਤੇ ਪੰਥਕ ਮਸਲਿਆਂ ’ਤੇ ਗੁਰਮਤਿ ਅਨੁਸਾਰੀ ਵਿਦਵਤਾ ਯੁਕਤੀ ਤੇ ਬਾ-ਦਲੀਲ ਸ਼ੰਕਾ ਨਿਵਾਰਨ ਦੀ ਮੁਹਾਰਤ ਹਾਸਲ ਹੈ। ਉਨ੍ਹਾਂ ਕਿਹਾ ਕਿ ਸ: ਲਾਂਬਾ ਨੇ ਦਮਦਮੀ ਟਕਸਾਲ ਦੇ ਮੁਖੀਆਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੰਗਤ ਦਾ ਨਿੱਘ ਮਾਣਦਿਆਂ ਗੁਰਮਤਿ ਦੀਆਂ ਖ਼ਾਸ ਰਮਜ਼ਾਂ ਅਤੇ ਰਹੱਸ ਨੂੰ ਸਮਝਿਆ।

- Advertisement -

ਪ੍ਰੋ: ਸਰਚਾਂਦ ਸਿੰਘ ਮੁਤਾਬਕ ਦਮਦਮੀ ਟਕਸਾਲ ਮੁਖੀ ਨੇ ਹਰ ਗੁਰਸਿੱਖ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸੇ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਾਲ ਬਖਸ਼ਿਸ਼ ਕੀਤੀ ਗਈ ਗੁਰਸਿੱਖੀ ਰਹਿਤ ਮਰਯਾਦਾ ’ਤੇ ਪੂਰੀ ਸ਼ਰਧਾ ਵਿਸ਼ਵਾਸ ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਿਛਲੇ ਸਮੇਂ ਤੋਂ ਕੁਝ ਵਿਅਕਤੀ ਸਿੱਖੀ ਭੇਸ ਵਿਚ ਵਿਰ ਕੇ ਰਹਿਤ ਮਰਯਾਦਾ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਸਮੇਤ ਸਿੱਖੀ ਮਰਿਯਾਦਾ ਦੇ ਅੰਗ ਨੂੰ ਢਾਹ ਲਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਤੋਂ ਪੰਥ ਨੂੰ ਸਾਵਧਾਨ ਤੇ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਰਿਯਾਦਾ ਦੇ ਮਸਲੇ ’ਤੇ ਜੋ ਦੁਬਿਧਾ ਬਣੀ ਹੈ, ਸਮੁੱਚੇ ਖ਼ਾਲਸਾ ਪੰਥ ਦੀਆਂ ਗੁਰੂ ਕਾਲ ਤੋਂ ਚੱਲ ਰਹੀਆਂ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਸਿੰਘ ਸਭਾਵਾਂ ਸੰਤ ਸਮਾਜ ਸਮੇਤ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਇਕ ਜੁੱਟ ਹੋਕੇ ਸਰਬ ਪ੍ਰਵਾਨਿਤ ਬਣਾ ਕੇ ਉਸ ਦੁਬਿਧਾ ਨੂੰ ਦੂਰ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸ: ਲਾਂਬਾ ਦੁਆਰਾ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’’ ਸਿੱਖ ਵਿਦਵਾਨ, ਪ੍ਰਚਾਰਕਾਂ, ਵਿਦਿਆਰਥੀਆਂ ਅਤੇ ਜਗਿਆਸੂ ਸੰਗਤਾਂ ਨੂੰ ਲਾਭ ਪ੍ਰਦਾਨ ਕਰੇਗੀ। ਦਮਦਮੀ ਟਕਸਾਲ ਅਤੇ ਸੰਤ ਸਮਾਜ ਇਸ ਕਾਰਜ ਲਈ ਸ: ਲਾਂਬਾ ਜੀ ਨੂੰ ਵਧਾਈ ਦਿੰਦੀ ਹੈ। ਇਸ ਮੌਕੇ ਸੰਤ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ, ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਪ੍ਰੋ: ਸਰਚਾਂਦ ਸਿੰਘ ਤੇ ਹੋਰ ਮੌਜੂਦ ਸਨ।

Share this Article
Leave a comment