ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਸਿਟੀ ਵਿੱਚ 258 ਮਾਮਲੇ ਸਾਹਮਣੇ ਆਏ ਹਨ ਅਤੇ 6998 ਮਰੀਜ਼ ਬਿਲਕੁੱਲ ਠੀਕ ਹੋ ਚੁੱਕੇ ਹਨ। ਜਿਸ ਵਿੱਚ 130 ਦਾ ਇਜਾਫ਼ਾ ਬੀਤੇ ਦਿਨ ਹੋਇਆ ਹੈ। ਡਾ: ਡਿਵੇਲਾ ਨੇ ਦੱਸਿਆ ਕਿ ਨਵੇਂ ਡਾਟੇ ਨੂੰ ਗੰਭੀਰਤਾ ਨਾਲ ਘੋਖਿਆ ਜਾ ਰਿਹਾ ਹੈ ਅਤੇ ਇਹ ਬਹੁਤ ਨਿਰਾਸ਼ਾਜਨਕ ਹੈ। ਪਿਛਲੇ ਦਿਨਾਂ ਤੋਂ ਕੇਸ ਲਗਾਤਾਰ ਵੱਧ ਰਹੇ ਹਨ। ਇਸਦਾ ਕਾਰਨ ਇਹੀ ਲੱਗ ਰਿਹਾ ਹੈ ਕਿ ਸ਼ਹਿਰ ਵਾਸੀਆਂ ਨੇ ਮਦਰਜ਼ ਡੇਅ ‘ਤੇ ਫੈਮਲੀਜ਼ ਨਾਲ ਸਮਾਂ ਬਤੀਤ ਕੀਤਾ ਹੈ ਅਤੇ ਅਰਥਚਾਰਾ ਵੀ ਖੁੱਲ੍ਹਿਆ ਹੈ। ਪਰ ਅਸਲ ਵਿਚ ਇਹ ਮਾਮਲਾ ਬਹੁਤ ਹੀ ਜਿਆਦਾ ਗੰਭੀਰ ਹੈ। ਲੋਕਾਂ ਨੂੰ ਵੀ ਕੋਰੋਨਾ ਵਾਇਰਸ ਦੀ ਇਸ ਬਿਮਾਰੀ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਕਿਉਂ ਕਿ ਜੇਕਰ ਪਰਿਵਾਰ ਵਿਚ ਕਿਸੇ ਇਕ ਵੀ ਮੈਂਬਰ ਨੂੰ ਇਹ ਬਿਮਾਰੀ ਘੇਰਦੀ ਹੈ ਤਾਂ ਪੂਰੇ ਪਰਿਵਾਰ ਦੀ ਜਾਨ ਦਾਅ ਤੇ ਲੱਗ ਸਕਦੀ ਹੈ। ਐਨਾ ਹੀ ਨਹੀਂ ਕੰਮ ਕਰਨ ਵਾਲੀਆਂ ਥਾਵਾਂ, ਹੋਰ ਰਿਸ਼ਤੇਦਾਰ, ਦੋਸਤ-ਮਿੱਤਰ ਵੀ ਇਸਦੀ ਚਪੇਟ ਵਿਚ ਆ ਸਕਦੇ ਹਨ। ਬੇਸ਼ਕ ਸਰਕਾਰ ਨੇ ਲਾਕਡਾਊਨ ਵਿਚ ਥੋੜੀ ਬਹੁਤੀ ਆਜਾਦੀ ਦਿਤੀ ਹੈ ਪਰ ਇਸ ਆਜਾਦੀ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਸਾਕ-ਸਬੰਧੀਆਂ ਨਾਲ ਦੁੱਖ ਸੁੱਖ ਸਾਂਝੇ ਕਰਨ ਦਾ ਪੂਰਾ ਹੱਕ ਹੈ ਮੌਜੂਦਾ ਸਮੇਂ ਵਿਚ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਆਪਣਾ ਅਤੇ ਹੋਰਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਨੂੰ ਢਾਹ ਨਾ ਲੱਗੇ।