ਰਾਂਚੀ: ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਮੁਖੀ ਸ਼ਿਬੂ ਸੋਰੇਨ ਦੀ ਨੂੰਹ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਸਖ਼ਤ ਮੋਰਚਾ ਖੋਲ੍ਹ ਦਿੱਤਾ ਹੈ। ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਆਖ਼ਰੀ ਦਿਨ ਉਹ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁੱਖ ਗੇਟ ’ਤੇ ਧਰਨੇ ’ਤੇ ਬੈਠ ਗਏ।
ਇਸ ਤੋਂ ਪਹਿਲਾਂ ਸੀਤਾ ਸੋਰੇਨ ਨੇ ਸਦਨ ‘ਚ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ‘ਚ ਜੋ ਸਵਾਲ ਪੁੱਛਿਆ ਹੈ, ਉਸ ਦਾ ਸਰਕਾਰ ਵੱਲੋਂ ਢੁੱਕਵਾਂ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, ‘ਅਸੀਂ ਜਲ, ਜੰਗਲ ਦੀ ਜ਼ਮੀਨ ਦੀ ਸੁਰੱਖਿਆ ਦਾ ਮੁੱਦਾ ਲੈ ਕੇ ਸਦਨ ‘ਚ ਆਏ ਹਾਂ। ਸੈਂਟਰਲ ਕੋਲਫੀਲਡਜ਼ ਲਿਮਟਿਡ ਦੇ ਆਮਰਪਾਲੀ ਪ੍ਰੋਜੈਕਟ ਵਿੱਚ, ਜੰਗਲਾਂ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਕੁਝ ਨਹੀਂ ਕਰ ਰਹੀ। ਸੀਤਾ ਸੋਰੇਨ ਨੇ ਇਹ ਵੀ ਦੋਸ਼ ਲਾਇਆ, ‘ਸਰਕਾਰ ਸਦਨ ਵਿੱਚ ਗਲਤ ਜਵਾਬ ਦੇ ਰਹੀ ਹੈ। ਜਦੋਂ ਸਦਨ ਵਿੱਚ ਸੀ.ਸੀ.ਐਲ ਦੇ ਆਮਰਪਾਲੀ ਪ੍ਰਾਜੈਕਟ ਵਿੱਚ ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਅਤੇ ਇੱਕ ਟਰਾਂਸਪੋਰਟ ਕੰਪਨੀ ਵੱਲੋਂ ਕੋਲੇ ਦੀ ਨਾਜਾਇਜ਼ ਢੋਆ-ਢੁਆਈ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਸਰਕਾਰ ਵੱਲੋਂ ਦੱਸਿਆ ਗਿਆ ਕਿ ਕੰਪਨੀ ਵੱਲੋਂ ਕੋਈ ਟਰਾਂਸਪੋਰਟਿੰਗ ਨਹੀਂ ਕੀਤੀ ਜਾ ਰਹੀ। ਸੱਚਾਈ ਇਹ ਹੈ ਕਿ ਜੰਗਲਾਂ ਦੀ ਜ਼ਮੀਨ ‘ਤੇ ਕਬਜ਼ੇ ਹਨ ਅਤੇ ਕੋਲੇ ਦੀ ਢੋਆ-ਢੁਆਈ ਗਲਤ ਤਰੀਕੇ ਨਾਲ ਹੋ ਰਹੀ ਹੈ, ਸਰਕਾਰ ਦਾ ਜਵਾਬ ਗਲਤ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਅਤੇ ਆਦਿਵਾਸੀਆਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਜਦੋਂ ਵਿਧਾਨ ਸਭਾ ਦੇ ਸਪੀਕਰ ਰਬਿੰਦਰ ਨਾਥ ਮਹਤੋ ਨੂੰ ਜਾਮਾ ਵਿਧਾਇਕ ਸੀਤਾ ਸੋਰੇਨ ਦੇ ਧਰਨੇ ‘ਤੇ ਬੈਠੇ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਮਨਾ ਕੇ ਸਦਨ ‘ਚ ਲਿਆਉਣ ਲਈ ਮੈਂਬਰਾਂ ਦਾ ਵਫ਼ਦ ਭੇਜਿਆ। ਸੀਤਾ ਸੋਰੇਨ ਨੇ ਸਦਨ ਵਿੱਚ ਸੀਸੀਐਲ ਦੇ ਪ੍ਰਾਜੈਕਟ ਵਿੱਚ ਜੰਗਲਾਤ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਹਟਾਉਣ ਦੀ ਮੰਗ ਵੀ ਕੀਤੀ। ਬਾਅਦ ‘ਚ ਘਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਤਾ ਸੋਰੇਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ‘ਤੇ ਕਾਰਵਾਈ ਨਾ ਹੋਈ ਤਾਂ ਉਹ ਇਲਾਕੇ ‘ਚ ਧਰਨੇ ‘ਤੇ ਵੀ ਜਾਣਗੇ।