ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਅੱਜ ਪੰਜਾਬੀ ਪ੍ਰੇਮੀਆਂ ਵੱਲੋਂ ਪੰਜਾਬੀ ਮੰਚ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ ਉਨੀ ਤੋਂ ਸੈਕਟਰ ਸਤਾਰਾਂ ਤੱਕ ਰੋਸ ਮਾਰਚ ਕੀਤਾ ਗਿਆ।
ਮਾਰਚ ਵਿੱਚ ਸ਼ਾਮਲ ਹੋਏ ਲੱਖਾ ਸਧਾਣਾ ਵਿਦਿਆਰਥੀ ਆਗੂ ਮਨਪ੍ਰੀਤ ਕੌਰ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਾਵੇਂ ਕਿ ਅੱਜ ਪੰਜਾਬ ਦਿਵਸ ਹੈ ਪਰ ਚੰਡੀਗੜ੍ਹ ਵਾਸੀਆਂ ਲਈ ਕਾਲਾ ਦਿਨ ਹੈ ਕਿਉਂਕਿ ਚੰਡੀਗੜ੍ਹ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਪਰ ਇੱਥੇ ਲਗਾਤਾਰ ਪੰਜਾਬੀ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਬੁਲਾਰਿਆਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿਚ ਅਜੇ ਵੀ ਵਧੇਰੇ ਪੰਜਾਬ ਦੇ ਲੋਕ ਵਸਦੇ ਹਨ ਪਰ ਇੱਥੇ ਪੰਜਾਬੀ ਨੂੰ ਖੁੱਡੇ ਲਾਈਨ ਲਗਾ ਰੱਖਿਆ ਹੈ ਜਿਸ ਦਾ ਉਹ ਲਗਾਤਾਰ ਵਿਰੋਧ ਕਰਦੇ ਰਹਿਣਗੇ।