ਚੀਫ਼ ਖ਼ਾਲਸਾ ਦੀਵਾਨ ਹਸਪਤਾਲ ਦੇ ਸਟਾਫ਼ ਨੂੰ ਲਾਕਡਾਊਨ ਦੀ ਤਨਖਾਹ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਖਲ ਦੇਣ ਦੀ ਅਪੀਲ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬੀ ਕਾਲਮਨਵੀਸ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਹਸਪਤਾਲ ਸੀਕੇਡੀ ਚੈਰੀਟੇਬਲ ਹਸਪਤਾਲ ਦੇ ਸਟਾਫ਼ ਨੂੰ ਇਸ ਸਾਲ ਅਪ੍ਰੈਲ ਤੋਂ ਜੂਨ ਤੀਕ ਦੀਆਂ ਤਨਖਾਹਾਂ ਦੇਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸ. ਹਰਪ੍ਰੀਤ ਸਿੰਘ ਨੂੰ ਲਿਖੇ ਨਿਜੀ ਪੱਤਰ ਦੀ ਕਾਪੀ ਜਾਰੀ ਕਰਦਿਆਂ ਡਾ. ਗੁਮਟਾਲਾ ਨੇ ਕਿਹਾ ਕਿ ਇਸ ਸੰਬੰਧੀ ਕੁਝ ਅਖ਼ਬਾਰਾਂ ਵਿੱਚ ਪਿਛਲੇ ਮਹੀਨੇ ਛਪੀਆਂ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਸਟਾਫ਼ ਨੂੰ ਅਪ੍ਰੈਲ ਤੋਂ ਜੂਨ ਤੀਕ ਤਨਖਾਹਾਂ ਨਾ ਮਿਲਣ ਕਰਕੇ ਸਟਾਫ਼ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।

ਇਸ ਸੰਬੰਧੀ ਜਦ ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਨਿਰਮਲ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਮਹੀਨਿਆਂ ਵਿੱਚ ਸਟਾਫ਼ ਨੇ ਕੋਈ ਕੰਮ ਨਹੀਂ ਕੀਤਾ। ਇਸ ਲਈ ਉਨ੍ਹਾਂ ਨੂੰ ਕੋਈ ਤਨਖ਼ਾਹ ਨਹੀਂ ਦਿੱਤੀ ਜਾ ਸਕਦੀ। ਜਦ ਉਨ੍ਹਾਂ ਨੇ ਸ. ਨਿਰਮਲ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੇ ਸਕੂਲਾਂ ਦੇ ਕਰਮਚਾਰੀਆਂ ਨੂੰ 70 ਪ੍ਰਤੀਸ਼ਤ ਤਨਖਾਹ ਦਿੱਤੀ ਹੈ। ਇਨ੍ਹਾਂ ਨੂੰ ਵੀ ਉਸੇ ਤਰ੍ਹਾਂ ਤਨਖਾਹ ਦੇ ਦਿੱਤੀ ਜਾਵੇ ਤਾਂ ਪ੍ਰਧਾਨ ਦਾ ਕਹਿਣਾ ਸੀ ਕਿ ਅਧਿਆਪਕ ਆਨਲਾਇਨ ਪੜ੍ਹਾਈ ਕਰਾਉਂਦੇ ਰਹੇ ਹਨ। ਇਸ ਲਈ ਉਨ੍ਹਾਂ ਨੂੰ ਤਨਖਾਹ ਦਿੱਤੀ ਗਈ ਹੈ। ਡਾ. ਗੁਮਟਾਲਾ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਹਸਪਤਾਲ ਦੇ ਸਟਾਫ਼ ਨੇ ਆਪਣੇ ਪੱਧਰ ‘ਤੇ 7 ਲੱਖ ਤੋਂ ਵੱਧ ਦੀ ਰਕਮ ਇਕੱਠੀ ਕਰਕੇ ਐਫ਼ ਡੀ ਬਣਾਈ ਹੋਈ ਹੈ। ਉਸ ਵਿੱਚੋਂ ਪੈਸੇ ਕਢਾ ਦਿਉ ਤਾਂ ਉਨ੍ਹਾਂ ਦਾ ਜੁਆਬ ਸੀ ਕਿ ਇਹ ਪੈਸੇ ਡੀਵੈਲਪਮੈਂਟ ਵਾਸਤੇ ਹਨ, ਇਸ ਲਈ ਇਨ੍ਹਾਂ ਵਿੱਚੋਂ ਤਨਖਾਹ ਨਹੀਂ ਦਿੱਤੀ ਜਾ ਸਕਦੀ। ਜਦ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨੋਟਿਸ ਵਿੱਚ ਲਿਆਵਾਂਗਾ ਤਾਂ ਉਨ੍ਹਾਂ ਦਾ ਜੁਆਬ ਸੀ ਕਿ ਜਿਥੇ ਮਰਜ਼ੀ ਚਲੇ ਜਾਉ ਮੈਂ ਇਹ ਪੈਸੇ ਨਹੀਂ ਦੇਣੇ।

ਜਦ ਗੁਮਟਾਲਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਬਾਕੀ ਆਹੁਦੇਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਹਮਦਰਦੀ ਕਰਮਚਾਰੀਆਂ ਨਾਲ ਹੈ, ਪਰ ਪ੍ਰਧਾਨ ਨਹੀਂ ਮੰਨਦੇ। ਮੁਸ਼ਕਲ ਦੀ ਘੜੀ ਵਿੱਚ ਸਾਰੀ ਦੁਨੀਆਂ ਵਿੱਚ ਬੈਠੇ ਸਿੱਖ ਲੋੜਵੰਦਾਂ ਦੀ ਮਦਦ ਕਰ ਰਹੇ ਹਨ, ਜਿਨ੍ਹਾਂ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਸਰਦਾਰ ਐਸ.ਪੀ ਸਿੰਘ ਓਬਰਾਇ ਵੀ ਹਨ। ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਗੁਰਦੁਆਰਾ ਸਾਹਿਬਾਨ ਲੋੜਵੰਦਾ ਦੀ ਮਦਦ ਕਰ ਰਹੇ ਹਨ ਪਰ ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਤਨਖਾਹਾਂ ਨਾ ਦੇਣਾ ਬਹੁਤ ਮੰਦਭਾਗੀ ਗੱਲ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਖਲ ਦੇ ਕੇ ਕਰਮਚਾਰੀਆਂ ਨੂੰ ਬਣਦੀ ਤਨਖਾਹ ਦਿਵਾ ਕਿ ਇਸ ਸੰਕਟ ਤੋਂ ਤੋਂ ਉਨ੍ਹਾਂ ਨੂੰ ਨਿਜ਼ਾਤ ਦਿਵਾਉਣੀ ਚਾਹੀਦੀ ਹੈ।

Share this Article
Leave a comment