ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਵਿਸੇਸ਼ ਗਿਰਦਾਵਰੀ ਤੁਰੰਤ ਕਰਵਾਈ ਜਾਵੇ: ਸੁਨੀਲ ਜਾਖੜ

TeamGlobalPunjab
2 Min Read

ਚੰਡੀਗੜ੍ਹ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਰਾਜ ਦੇ ਕਈ ਇਲਾਕਿਆਂ ਵਿਚ ਗੜੇਮਾਰੀ ਕਾਰਨ ਫਸਲਾਂ ਅਤੇ ਕਿਨੂੰ ਦੇ ਬਾਗਾਂ ਦੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਗਿਰਦਾਵਰੀ ਕਰਵਾਉਣ ਲਈ ਕਿਹਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਬੀਤੇ ਕੱਲ ਹੋਈ ਗੜੇਮਾਰੀ ਕਾਰਨ ਫਾਜ਼ਿਲਕਾ ਜ਼ਿਲੇ ਵਿਚ ਵਿਸੇਸ਼ ਤੌਰ ਤੇ ਜਦਕਿ ਪੰਜਾਬ ਦੇ ਕੁਝ ਹੋਰ ਹਿੱਸਿਆਂ ਵਿਚ ਵੀ ਝੱਖੜ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਉਨਾਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਕਾਂਗਰਸ ਦੀ ਪੰਜਾਬ ਸਰਕਾਰ ਆਪਣੇ ਕਿਸਾਨਾਂ ਨਾਲ ਖੜੇਗੀ ਅਤੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧ ਜਲਦ ਗਿਰਦਾਵਰੀ ਕਰਵਾ ਕੇ ਨੁਕਸਾਨ ਦੀ ਭਰਪਾਈ ਕਰਨ ਦੀ ਅਪੀਲ ਕੀਤੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਦੇ ਅਬੋਹਰ ਅਤੇ ਖੂਈਆਂ ਸਰਵਰ ਇਲਾਕੇ ਦੇ ਕਿਸਾਨਾਂ ਨੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਅਪਨਾਉਂਦਿਆਂ ਵੱਡੇ ਪੱਧਰ ਤੇ ਰਵਾਇਤੀ ਫਸਲੀ ਚੱਕਰ ਛੱਡ ਕੇ ਕਿਨੂੰ ਦੇ ਬਾਗ ਲਗਾਏ ਹੋਏ ਹਨ। ਜਦ ਕਿ ਵੀਰਵਾਰ ਨੂੰ ਹੋਈ ਗੜੇਮਾਰੀ ਕਾਰਨ ਕਈ ਕਈ ਸਾਲ ਪੁਰਾਣੇ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਬਾਗਾਂ ਨੂੰ ਨਵਾਂ ਫਰੂਟ ਆਇਆ ਸੀ ਜੋ ਕਿ ਗੜੇਮਾਰੀ ਕਾਰਨ ਪੂਰੀ ਤਰਾਂ ਨਾਲ ਝੜ ਗਿਆ ਹੈ ਜਦ ਕਿ ਜਿੰਨ੍ਹਾਂ ਬਾਗਾਂ ਦੇ ਫਲ ਦੀ ਤੁੜਾਈ ਹਾਲੇ ਨਹੀਂ ਹੋਈ ਸੀ ਉਨਾਂ ਦੇ ਫਰੂਟ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨਾਂ ਨੇ ਕਿਹਾ ਕਿ ਬਾਗਬਾਨਾਂ ਦਾ ਨੁਕਸਾਨ ਰਵਾਇਤੀ ਫਸਲਾਂ ਦੇ ਮੁਕਾਬਲੇ ਕਈ ਗੁਣਾ ਜਿਆਦਾ ਹੈ ਇਸ ਲਈ ਉਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬਾਗਬਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੀਤੀ ਬਣਾ ਕੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇ।

Share this Article
Leave a comment