ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ‘ਤੇ ਉਸ ਦੇ ਨਵੇਂ ਗਾਣੇ ‘ਮੱਖਣਾ’ ‘ਚ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲੱਗਿਆ ਹੈ ਜਿਸਦੇ ਤਹਿਤ ਹਨੀ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਹਾਲੀ ‘ਚ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ‘ਤੇ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਹਨੀ ਸਿੰਘ ਤੇ ਭੂਸ਼ਨ ਕੁਮਾਰ ਖਿਲਾਫ ਪੰਜਾਬ ਦੇ ਮੁਹਾਲੀ ਦੇ ਮਟੌੜ ਥਾਣੇ ‘ਚ ਸੈਕਸ਼ਨ 294 ਤੇ 506 ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸੂਬਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਇਸ ਬਾਰੇ ਚਿੱਠ ਲਿਖ ਹਨੀ ਸਿੰਘ ‘ਤੇ ਕਾਰਵਾਈ ਦੀ ਮੰਗ ਕੀਤੀ ਸੀ। ਮਨੀਸ਼ਾ ਨੇ ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀਜੀਪੀ ਨੂੰ ਵੀ ਚਿੱਠੀ ਲਿਖ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਕਿਹਾ ਅਸੀਂ ਪੁਲਿਸ ਨੂੰ ਕਿਹਾ ਕਿ ਉਹ ‘ਮੱਖਣਾ’ ਗਾਣੇ ‘ਚ ਮਹਿਲਾਵਾਂ ਲਈ ਵਰਤੀ ਭੱਦੀ ਸ਼ਬਦਾਵਲੀ ਕਰਕੇ ਸਿੰਗਰ ਖਿਲਾਫ ਐਫਆਈਆਰ ਦਰਜ ਕਰੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ‘ਚ ਗਾਣੇ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਹਨੀ ਸਿੰਘ ਦਾ ਇਹ ਗਾਣਾ 2018 ਦਸੰਬਰ ‘ਚ ਰਿਲੀਜ਼ ਹੋਇਆ ਸੀ। ਇਸ ਨੂੰ ਹਨੀ ਸਿੰਘ ਦੇ ਨਾਲ-ਨਾਲ ਨੇਹਾ ਕੱਕੜ ਨੇ ਵੀ ਗਾਇਆ ਤੇ ਗਾਣੇ ਨੂੰ ਲੋਕਾਂ ਨੇ ਪਸੰਦ ਵੀ ਕੀਤਾ ਸੀ।