ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦੇ ਘਿਰਾਓ ਦਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਸਲੇ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੇ ਵੀ ਐਫ ਆਈ ਆਰ ਦੀ ਗਾਜ ਡਿੱਗਦੀ ਦਿਖਾਈ ਦੇ ਰਹੀ ਹੈ ।ਜਿਕਰ ਏ ਖਾਸ ਹੈ ਕਿ ਬਿਕਰਮ ਮਜੀਠੀਆ ਸਮੇਤ ਕਈ ਸੀਨੀਅਰ ਵਿਧਾਇਕਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ਹਾਲਾਤ ਇਹ ਬਣ ਗਏ ਸਨ ਕਿ ਭਾਰੀ ਮੁਸ਼ੱਕਤ ਤੋਂ ਬਾਅਦ ਸੁਰੱਖਿਆ ਦਸਤਿਆਂ ਵੱਲੋਂ ਖੱਟਰ ਨੂੰ ਉੱਥੋਂ ਕੱਢਿਆ ਗਿਆ ਸੀ । ਇਸ ਫੈਸਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਚੀਮਾ ਦਾ ਕਹਿਣਾ ਹੈ ਕਿ ਅੱਜ ਲੋਕਤੰਤਰਿਕ ਪ੍ਰਣਾਲੀ ਨਿਘਾਰ ਵੱਲ ਜਾ ਰਹੀ ਅਤੇ ਲੋਕਾਂ ਦੇ ਸੰਵਿਧਾਨਕ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਵਿਧਾਇਕਾਂ ਤੋਂ ਲੋਕਾਂ ਦੇ ਮਸਲਿਆਂ ਲਈ ਵਿਰੋਧ ਕਰਨ ਦਾ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸੰਵਿਧਾਨਕ ਹੱਕ ਹੈ ਕਿ ਲੋਕ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਨੁਮਾਇੰਦੇ ਵੀ ਲੋਕਾਂ ਲਈ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਅੱਜ ਵਿਧਾਨ ਸਭਾ ਦੇ ਅੰਦਰ ਹੀ ਸੰਵਿਧਾਨਿਕ ਹੱਕਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ।ਦੱਸ ਦੇਈਏ ਕਿ ਹਰਿਆਣਾ ਸਰਕਾਰ ਵੱਲੋਂ ਐਫਆਈਆਰ ਦਰਜ ਕਰਵਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਸਦੇ ਬਾਰੇ ਬੋਲਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇਨ੍ਹਾਂ ਗੱਲਾਂ ਤੋਂ ਨਹੀਂ ਡਰਦੇ ।
ਦਲਜੀਤ ਚੀਮਾ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਤੇ ਇੱਕ ਵਾਰ ਹਰਿਆਣਾ ਦੇ ਵਿਧਾਇਕਾਂ ਵੱਲੋਂ ਵੀ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਆ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸ ਸਮੇਂ ਹਾਲਾਤ ਇਸ ਕਦਰ ਖ਼ਰਾਬ ਹੋ ਗਏ ਸਨ ਵਿਧਾਨ ਸਭਾ ਦੇ ਦਰਵਾਜ਼ੇ ਅੰਦਰ ਤੋਂ ਬੰਦ ਕਰਨੇ ਪਏ ਸਨ ਅਤੇ ਉਸ ਸਮੇਂ ਉਹ ਖੁਦ ਵੀ ਵਿਧਾਨ ਸਭਾ ਦੇ ਅੰਦਰ ਮੌਜੂਦ ਸਨ। ਦਲਜੀਤ ਚੀਮਾ ਨੇ ਕਿਹਾ ਕਿ ਪਰ ਉਸ ਸਮੇਂ ਉਨ੍ਹਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ ਬਲਕਿ ਇਹ ਸਮਝਿਆ ਗਿਆ ਸੀ ਕਿ ਉਹ ਆਪਣੀ ਸੂਬੇ ਲਈ ਲੜ ਰਹੇ ਹਨ ਅਤੇ ਅਸੀਂ ਆਪਣੇ ਸੂਬੇ ਲਈ ਲੜ ਰਹੇ ਹਾਂ ।