ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 72ਵਾਂ ਗਣਤੰਤਰ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਤੋਂ ਬਾਅਦ ਆਪਣੇ ਆਨਲਾਈਨ ਸੰਦੇਸ਼ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਸੰਵਿਧਾਨਕ ਮੁੱਲਾਂ ਦੀ ਸਥਾਪਤੀ ਬਾਰੇ ਬੋਲਦਿਆਂ ਉਹਨਾਂ ਸਭ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਡਾ ਢਿੱਲੋਂ ਨੇ ਕਿਹਾ ਕਿ ਲੰਘਿਆ ਸਾਲ ਮਨੁੱਖੀ ਹੋਂਦ ਅੱਗੇ ਕੋਰੋਨਾ ਵਰਗੀ ਮਹਾਂਮਾਰੀ ਲੈ ਕੇ ਆਇਆ ਸੀ ਪਰ ਸਰਕਾਰੀ ਸੈਕਟਰ ਦੇ ਬਿਹਤਰ ਤਾਲਮੇਲ ਨਾਲ ਇਸ ਚੁਣੌਤੀ ਉੱਪਰ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਯੂਨੀਵਰਸਿਟੀ ਵਲੋਂ ਕੀਤੇ ਕਾਰਜਾਂ ਵਿਚ ਨਾ ਸਿਰਫ ਆਮ ਲੋਕਾਂ ਨੂੰ ਸਿਹਤ ਅਤੇ ਪੋਸ਼ਣ ਪ੍ਰਤੀ ਸੁਚੇਤ ਕੀਤਾ ਗਿਆ ਸਗੋਂ ਪਸਾਰ ਗਤੀਵਿਧੀਆਂ ਵੀ ਨਿਰਵਿਘਨ ਜਾਰੀ ਰਹੀਆਂ। ਇਸ ਲਈ ਡਾ ਢਿੱਲੋਂ ਨੇ ਨਿਰਦੇਸ਼ਕ ਪਸਾਰ ਸਿਖਿਆ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਈ ਸੀ ਏ ਆਰ ਦੀ ਰੈੰਕਿੰਗ ਵਿਚ ਪੀ ਏ ਯੂ ਨੂੰ ਸਰਵੋਤਮ ਰਾਜ ਖੇਤੀ ਯੂਨੀਵਰਸਿਟੀ ਚੁਣੇ ਜਾਣ ਉੱਪਰ ਸਮੂਹ ਸਟਾਫ ਨੂੰ ਵਧਾਈ ਦਿੱਤੀ। ਡਾ ਢਿੱਲੋਂ ਨੇ ਬੀਤੇ ਦਿਨੀਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਯੁਵਕ ਮੇਲੇ ਵਿਚ ਦਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਕੱਲ੍ਹ ਹੀ ਘੋਸ਼ਿਤ ਹੋਏ ਪਦਮ ਪੁਰਸਕਾਰਾਂ ਵਿਚ ਪੀ ਏ ਯੂ ਨਾਲ ਸੰਬੰਧਿਤ ਦੋ ਸ਼ਖ਼ਸੀਅਤਾਂ ਡਾ ਰਤਨ ਲਾਲ ਅਤੇ ਸ਼੍ਰੀਮਤੀ ਰਜਨੀ ਬੈਕਟਰ ਨੂੰ ਵੀ ਉਨ੍ਹਾਂ ਵਧਾਈ ਦਿੱਤੀ। ਡਾ ਢਿੱਲੋਂ ਨੇ ਕਿਹਾ ਕਿ ਸਮੇਂ ਦੇ ਨਾਲ ਸਾਡੇ ਲਈ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਖੇਤੀ ਨਾਲ ਸੰਬੰਧਿਤ ਸਾਰੀਆਂ ਧਿਰਾਂ ਅਤੇ ਸਮਾਜ ਨੂੰ ਵੀ ਸਿੱਖਿਅਤ ਕਰਨ ਦੀ ਲੋੜ ਹੈ। ਖੇਤੀ ਅਰਥ-ਸ਼ਾਸਤਰੀਆਂ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਭਾਰਤ ਦੇ ਉਤਪਾਦਨੀ ਢਾਂਚੇ ਨੂੰ ਇੱਥੋਂ ਦੇ ਹਾਲਾਤ ਮੁਤਾਬਿਕ ਸਮਝ ਕੇ ਨੀਤੀਆਂ ਬਣਾਉਣ ਵਿਚ ਅਰਥ-ਸ਼ਾਸਤਰੀਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੀ ਵਿਦਿਆਰਥਣ ਸੁਖਮਿੰਦਰ ਕੌਰ ਦਿੱਲੀ ਵਿਖੇ ਰਾਸ਼ਟਰੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਤੇ ਸਮੁੱਚੀ ਸੰਸਥਾ ਮਾਣਮੱਤਾ ਮਹਿਸੂਸ ਕਰਦੀ ਹੈ । ਡਾ ਢਿੱਲੋਂ ਨੇ ਅੰਤ ਵਿਚ ਸਭ ਦੀ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਨਾਲ ਹੀ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਗਣਤੰਤਰ ਦੇ ਤੌਰ ਤੇ ਭਾਰਤ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਸਮਾਜ ਨੂੰ ਇੱਕ ਮਜ਼ਬੂਤ ਇਕਾਈ ਵਿੱਚ ਬੰਨ ਕੇ ਰੱਖਣਾ ਸਮੇਂ ਦੀ ਲੋੜ ਹੈ ।
ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਸਮੂਹ ਡੀਨ ਡਾਇਰੈਕਟਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਸਨ।