ਖਾਲਸਾ ਏਡ ਵੱਲੋਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਜਾਂਦਾ ਹੈ ਅਤੇ ਕੋਵਿਡ-19 ਦੀ ਇਸ ਔਖੀ ਘੜੀ ਵਿੱਚ ਵੀ ਇਸ ਸੰਸਥਾ ਵੱਲੋਂ ਦੁਨੀਆਂ ਭਰ ਵਿੱਚ ਲੰਗਰ ਚਲਾਏ ਜਾ ਰਹੇ ਹਨ ਅਤੇ ਫਰੰਟ ਲਾਇਨ ਵਰਕਰਾਂ ਤੱਕ ਜਰੂਰੀ ਸਮਾਨ ਪੁੱਜਦਾ ਕੀਤਾ ਜਾ ਰਿਹਾ ਹੈ। ਖਾਲਸਾ ਏਡ ਕੈਨੇਡਾ ਵੱਲੋਂ ਵੀਕਇੰਡ ‘ਤੇ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਫਰੰਟ ਲਾਇਨ ਵਰਕਰਾਂ ਲਈ 1000 ਮੀਲਜ਼ ਪੁੱਜਦੇ ਕੀਤੇ ਗਏ। ਪੀਲ ਮੈਮੋਰੀਅਲ ਹਸਪਤਾਲ ਦੇ ਸਟਾਫ ਨੂੰ ਮੀਲਜ਼ ਦੇਣ ਸਮੇਂ ਮੇਅਰ ਪੈਟਰਿਕ ਬ੍ਰਾਊਨ, ਸਿਟੀ ਕਾਂਉਸਲਰ ਗੁਰਪ੍ਰੀਤ ਢਿੱਲੋਂ, ਐਮਪੀਪੀ ਸਾਰਾ ਸਿੰਘ ਅਤੇ ਗੁਰਰਤਨ ਸਿੰਘ ਹਾਜ਼ਰ ਸਨ। ਇਸ ਮੌਕੇ ਉਥੇ ਮੌਜੂਦ ਸਾਰੀਆਂ ਹੀ ਸ਼ਖਸੀਅਤਾਂ ਨੇ ਖਾਲਸਾ ਏਡ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਖਾਲਸਾ ਏਡ ਹਰ ਔਖੀ ਘੜੀ ਵਿਚ ਮਾਨਵਤਾ ਦੀ ਭਲਾਈ ਲਈ ਆਪਣੀ ਜੀਅ-ਜਾਨ ਲਗਾ ਦਿੰਦੀ ਹੈ ਅਤੇ ਪੀੜਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦੀ ਹੈ। ਇਹ ਸੰਸਥਾ ਹਰ ਸਮੇਂ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗਰੀਬ ਆਦਿ ਤੋਂ ਉਪਰ ਉਠਕੇ ਸੇਵਾ ਕਰਨ ਵਿਚ ਵਿਸ਼ਵਾਸ ਰੱਖਦੀ ਹੈ।