ਬੰਗਾ (ਅਵਤਾਰ ਸਿੰਘ) : ਕੋਵਿਡ -19 ਯਾਨੀ ਕੋਰੋਨਾ ਵਾਇਰਸ ਦੀ ਪੂਰੇ ਵਿਸ਼ਵ ਵਿੱਚ ਫੈਲੀ ਦਹਿਸ਼ਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਇਨਸਾਨ ਇਕ ਦੂਜੇ ਤੋਂ ਡਰਨ ਜਿਹਾ ਲਗ ਪਿਆ ਹੈ। ਸਰਕਾਰੀ ਹਦਾਇਤਾਂ ਤੋਂ ਬਾਅਦ ਵੀ ਉਹ ਦੂਰੀਆਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਖਾਣ ਪੀਣ ਵਲ ਵਿਸ਼ੇਸ਼ ਧਿਆਨ ਦੇ ਰਿਹਾ ਲੱਗਦਾ ਹੈ। ਇਨਸਾਨ ਵਲੋਂ ਚਲਾਈਆਂ ਰਸਮਾਂ/ਰਿਵਾਜ਼ਾਂ ਵਿੱਚ ਵੀ ਵੱਡਾ ਫਰਕ ਪੈਂਦਾ ਨਜ਼ਰ ਆ ਰਿਹਾ ਹੈ। ਮਿੱਠੇ ਨੂੰ ਸ਼ਗਨ ਮੰਨਣ ਵਾਲਾ ਇਨਸਾਨ ਮਿੱਠੇ ਤੋਂ ਦੂਰ ਭੱਜਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਦੋਆਬਾ ਖੇਤਰ ਵਿੱਚ ਰਸਮਾਂ ਦਾ ਅੰਦਾਜ਼ ਬਦਲ ਰਿਹਾ ਹੈ।
ਲੌਕਡਾਊਨ ਦੇ ਚੱਲਦਿਆਂ ਜਨ-ਜੀਵਨ ‘ਚ ਹੋਣ ਵਾਲੇ ਖੁਸ਼ੀ ਦੇ ਸਮਾਗਮਾਂ ਮੌਕੇ ਹੁਣ ਮਠਿਆਈਆਂ ਦੀ ਥਾਂ ਮਾਸਕ ਅਤੇ ਸੈਨੀਟਾਇਜ਼ਰ ਵੰਡੇ ਜਾਣ ਲੱਗੇ ਹਨ। ਕਈਆਂ ਨੇ ਅਜਿਹੇ ਮੌਕਿਆਂ ‘ਤੇ ਲੋੜਵੰਦਾਂ ਨੂੰ ਰਾਸ਼ਨ ਜਾਂ ਮੈਡੀਕਲ ਟੀਮਾਂ ਲਈ ਪੀਪੀਈ ਕਿੱਟਾਂ ਦੇਣ ਦੀ ਵੀ ਪਿਰਤ ਪਾਈ ਹੈ। ਕਈ ਵਾਤਾਵਰਨ ਪ੍ਰੇਮੀ ਆਪਣੇ ਘਰਾਂ ਦੇ ਵੇਹੜਿਆਂ ਵਿੱਚ ਲੱਗੇ ਬੂਟਿਆਂ ‘ਤੇ ਛਿੜਕਾਅ ਕਰਕੇ ਇਨ੍ਹਾਂ ਦੀ ਸੰਭਾਲ ਕਰ ਰਹੇ ਹਨ।
ਬੰਗਾ ਦੇ ਸਾਬਕਾ ਕੌਂਸਲਰ ਸ਼ਿਵ ਕੌੜਾ ਅਤੇ ਡੌਲੀ ਕੌੜਾ ਨੇ ਆਪਣੇ ਵਿਆਹ ਦੀ 18ਵੀਂ ਵਰ੍ਹੇਗੰਢ ਮਨਾਉਂਦਿਆਂ 51 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ ਫਲ ਵੰਡੇ। ਇੱਥੋਂ ਦੇ ਹਨੀਸ਼ ਕਲਸੀ ਤੇ ਰੀਤਿਕਾ ਬੰਗੜ ਨੇ ਆਪਣੇ ਵਿਆਹ ਦੀ ਖੁਸ਼ੀ ‘ਚ ਗਲੀ ਮੁਹੱਲਾ ਵਾਸੀਆਂ ਨੂੰ ਮਾਸਕ ਤੇ ਸੈਨੀਟਾਇਜ਼ਰ ਦੀ ਵੰਡ ਕੀਤੀ। ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਨੇ ਆਪਣੇ ਕਰਨ ਹਸਪਤਾਲ ਬੰਗਾ ਦੇ 28ਵੇਂ ਸਥਾਪਨਾ ਦਿਵਸ ਮੌਕੇ ਸਰਕਾਰੀ ਹਸਪਤਾਲ ਬੰਗਾ, ਔੜ ਤੇ ਮੁਕੰਦਪੁਰ ਲਈ 50 ਪੀਪੀਈ ਕਿੱਟਾਂ ਤੇ 500 ਮਾਸਕ/ਸੈਨੇਟਾਇਜ਼ਰ ਪ੍ਰਦਾਨ ਕੀਤੇ। ਇਸੇ ਤਰ੍ਹਾਂ ਪਿੰਡ ਚੱਕ ਦੇ ਜੀਤ ਸਿੰਘ ਨੇ ਆਪਣੀ ਪੁੱਤਰ ਹਰਸ਼ ਦੇ 7ਵੇਂ ਜਨਮ ਦਿਨ ਮੌਕੇ ਉਸ ਦੇ ਸਾਰੇ ਜਮਾਤੀਆਂ ਨੂੰ ਉਨ੍ਹਾਂ ਦੇ ਘਰਾਂ ‘ਚ ਜਾ ਕੇ ਕਰੋਨਾਵਾਇਰਸ ਤੋਂ ਸਾਵਧਾਨੀਆਂ ਵਾਲਾ ਸਾਹਿਤ ਵੰਡਿਆ।
ਇਵੇਂ ਕਸਬਾ ਔੜ ਦੇ ਪ੍ਰੀਤਮ ਕੁਮਾਰ ਤੇ ਆਲੀਆ ਦੇਵੀ ਨੇ ਆਪਣੇ ਘਰ ਧੀ ਦੀ ਆਮਦ ਦਾ ਸਵਾਗਤ ਕਰਦਿਆਂ ਸਾਂਝੀਆਂ ਥਾਵਾਂ ‘ਤੇ ਫ਼ਲਦਾਰ ਪੌਦੇ ਲਾਉਣ ਦੀ ਪਿਰਤ ਪਾਈ। ਇੰਜ ਹੀ ਇਕ ਅਨੋਖਾ ਕਾਰਜ ਕੀਤਾ ਪਿੰਡ ਮਜਾਰੀ ਦੇ ਪਤੀ ਪਤਨੀ ਨੰਬਰਦਾਰ ਸੁਰਜੀਤ ਸਿੰਘ ਤੇ ਰਾਜ ਰਾਣੀ ਨੇ। ਇਨ੍ਹਾਂ ਨੇ ਆਪਣੀ ਕੈਨੇਡਾ ਰਹਿੰਦੀ ਧੀ ਸਿਮਰਨ ਦੇ ਜਨਮ ਦਿਨ ‘ਤੇ ਆਪਣੇ ਵੇਹੜੇ ਵਿੱਚ ਲੱਗੇ ਫਲ ਤੇ ਦਵਾਈਆਂ ਵਾਲ਼ੇ ਬੂਟਿਆਂ ਨੂੰ ਪਹਿਲਾਂ ਸਾਫ ਕੀਤਾ ਫੇਰ ਪਾਣੀ ਨਾਲ ਉਨ੍ਹਾਂ ਦੇ ਪੱਤਿਆਂ ਉਪਰ ਛਿੜਕਾਅ ਕਰਕੇ ਇਨ੍ਹਾਂ ਨੂੰ ਸੰਭਾਲਿਆ।
ਇਨ੍ਹਾਂ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਾਰ ‘ਚ ਲੋੜਵੰਦਾਂ ਦੀ ਮੱਦਦ ਕਰਨਾ ਬਹੁਤ ਨੇਕ ਕੰਮ ਹੈ।