ਚੰਡੀਗੜ : ਕਰਫਿਊ ਦੌਰਾਨ ਡਿਉਟੀ ਨਿਭਾ ਰਹੇ ਪੁੁਲਿਸ ਕਰਮੀਆਂ ਤੇ ਅੱਜ ਨਿਹੰਗ ਸਿੰਘਾਂ ਵਲੋਂ ਕੀਤੇ ਗਏ ਹਮਲੇ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀ ਇਸ ਦੀ ਨਿੰਦਾ ਕੀਤੀ ਹੈ ।
ਉਨ੍ਹਾਂ ਕਿਹਾ ਕਿ ਹੁੱਲੜਬਾਜ਼ਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਵਿਰੁੱਧ ਜਿਨੀ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਉਹ ਕੀਤੀ ਜਾਵੇ ਤਾਂ ਕਿ ਭਵਿੱਖ ‘ਚ ਅਜਿਹੀ ਹਰਕਤ ਕਰਨ ਲਈ ਕਿਸੇ ਦਾ ਹੌਸਲਾ ਨਾ ਪਵੇ।
ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਰੁਕੀਆਂ ਤਾਂ ਇਹ ‘ਯੋਧੇ’ ਕਿਸ ਹੌਸਲੇ ਨਾਲ ਕੋਰੋਨਾ ‘ਤੇ ਫ਼ਤਿਹ ਪਾਉਣਗੇ?
ਉਨ੍ਹਾਂ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ‘ਤੇ ਪੂਰੀ ਤਰਾਂ ਫ਼ਤਿਹ ਪਾਏ ਜਾਣ ਉਪਰੰਤ ਇਨਾਂ ਯੋਧਿਆਂ ਦਾ ਉਚੇਚੇ ਤੌਰ ‘ਤੇ ਸਨਮਾਨ ਹੋਣਾ ਚਾਹੀਦਾ ਹੈ । ਵਿਸ਼ੇਸ਼ ਇਨਾਮੀ ਭੱਤੇ ਅਤੇ ਤਰੱਕੀਆਂ ਦਿੱਤੀਆਂ ਜਾਣ। ਜੋ ਕਰਮਚਾਰੀ ਸਾਲਾਂ-ਬੱਧੀ ਕੱਚੇ ਚੱਲੇ ਆ ਰਹੇ ਹਨ ਅਤੇ ਕੋਰੋਨਾ ਵਿਰੁੱਧ ਮੂਹਰਲੀ ਕਤਾਰ ‘ਚ ਖੜ ਕੇ ਲੜ ਰਹੇ ਹਨ, ਉਨਾਂ ਨੂੰ ਪੱਕੇ ਕਰਨ ਦਾ ਸਿਧਾਂਤਕ ਫ਼ੈਸਲਾ ਤੁਰੰਤ ਲਿਆ ਜਾਵੇ।