ਚੰਡੀਗੜ੍ਹ : ਸੂਬੇ ਅੰਦਰ ਜਿਵੇ ਜਿਵੇ ਕੋਰੋਨਾ ਵਾਇਰਸ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਸਿਆਸਤਦਾਨਾਂ ਦੀਆਂ ਬਿਆਨਬਾਜ਼ੀਆਂ ਵੀ ਤੇਜ ਹੁੰਦੀਆਂ ਜਾ ਰਹੀਆਂ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੀ ਕੱਲ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਵਿਚਕਾਰ ਸ਼ੁਰੂ ਹੋਈ ਸਿਆਸੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ । ਦਰਅਸਲ ਬੀਤੀ ਕੱਲ੍ਹ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਸਰਕਾਰ ਵਲੋਂ ਸੂਬੇ ਲਈ ਰਾਹਤ ਆਉਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਕਿਹਾ ਸੀ ਮੁਖ ਮੰਤਰੀ ਵਲੋਂ ਜਾਨ ਬੁਝ ਕੇ ਉਸ ਪੈਸੇ ਦੀ ਵਰਤੋਂ ਨਹੀਂ ਕੀਤੀ ਜਾ ਰਹੀ ।ਇਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਸਿਮਰਤ ਕੌਰ ਬਾਦਲ ਨੂੰ ਝੂਠੀ ਗਰਦਾਨ ਦਿੱਤਾ ਸੀ । ਹੁਣ ਅਕਾਲੀ ਦਲ ਵਲੋਂ ਇਸ ਤੇ ਇਕ ਵਾਰ ਫਿਰ ਪ੍ਰਤੀਕਿਰਿਆ ਦਿਤੀ ਗਈ ਹੈ ।
ਅਕਾਲੀ ਦਲ ਆਗੂਆਂ ਨੇ ਮੁਖ ਮੰਤਰੀ ਵਲੋਂ ਵਰਤੀ ਗਈ ਭਾਸ਼ਾ ਲਈ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਮੁਖ ਮੰਤਰੀ ਨੇ ਬੀਬੀ ਬਾਦਲ ਖਿਲਾਫ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਹੈ। ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦਰ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਤਾ ਇਥੋਂ ਤਕ ਕਹਿ ਦਿੱਤਾ ਕਿ ਮੁਖ ਮੰਤਰੀ ਨੇ ਆਪਣਾ ਸੰਤੁਲਨ ਗਵਾ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੋਲ ਜਦੋ ਗਲਤ ਭਾਸ਼ਾ ਬੋਲਣ ਲਈ ਕੋਈ ਹੋਰ ਮੁਦਾ ਨਹੀਂ ਸੀ ਤਾ ਉਨ੍ਹਾਂ ਕੇਂਦਰ ਦੇ ਪੈਸੇ ਦੀ ਵਰਤੋਂ ਕਰਨ ਲਈ ਕੀਤੀ ਗਈ ਬੇਨਤੀ ਤੇ ਹੀ ਕੇਂਦਰੀ ਮੰਤਰੀ ਵਿਰੁੱਧ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ । ਅਕਾਲੀ ਨੇਤਾਵਾਂ ਨੇ ਬੋਲਦਿਆਂ ਮੁਖ ਮੰਤਰੀ ਨੂੰ ਅਨਫਿੱਟ ਕਰਾਰ ਦੇ ਦਿੱਤਾ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਦੀ ਵੀ ਕੋਈ ਅਜਿਹਾ ਮੁਖ ਮੰਤਰੀ ਨਹੀਂ ਰਿਹਾ ਜਿਸ ਨੇ ਔਰਤਾਂ ਲਈ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਹੋਵੇ ।