ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਦਾਨੀ ਸੱਜਣਾਂ ਨੂੰ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਸਹਿਯੋਗ ਦੇਣ ਦੀ ਅਪੀਲ

TeamGlobalPunjab
2 Min Read

ਭਵਾਨੀਗੜ (ਸੰਗਰੂਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਕਰਫਿਊ ਦੌਰਾਨ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਘਰਾਂ ਤੱਕ ਹੀ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਘਰਾਚੋਂ ਸਮੇਤ ਹਲਕੇ ਦੇ ਹੋਰ ਪਿੰਡਾਂ ਵਿਚ ਲੋੜਵੰਦਾਂ ਨੂੰ ਨਿੱਜੀ ਖਰਚੇ ’ਚੋਂ ਲਗਾਤਾਰ ਚੌਥੇ ਦਿਨ ਰਾਸ਼ਨ ਵੰਡਣ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਰੂਰੀ ਵਸਤਾਂ ਦੀ ਘਰਾਂ ਤੱਕ ਪਹੁੰਚ ਦੇ ਨਾਲ-ਨਾਲ ਲੋੜਵੰਦਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਮੁਫ਼ਤ ਰਾਸ਼ਨ ਅਤੇ ਦਵਾਈਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਅਪੀਲ ਕੀਤੀ ਕਿ ਮਨੁੱਖਤਾ ’ਤੇ ਅਚਾਨਕ ਖੜੇ ਹੋਏ ਇਸ ਸੰਕਟ ਮੌਕੇ ਹਰ ਸੂਬਾ ਵਾਸੀ ਨੂੰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਚਾਹਵਾਨ ਆਪਣਾ ਆਰਥਿਕ ਸਹਿਯੋਗ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਪਾ ਸਕਦੇ ਹਨ।

ਇਸ ਮੌਕੇ ਉਨਾਂ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਵੱਧ ਚੜ ਕੇ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਦਾਨੀ ਸੱਜਣ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਯੋਗਦਾਨ ਦੇਣ ਲਈ ਐਚ.ਡੀ.ਐਫ਼.ਸੀ. ਬੈਂਕ ਦੀ ਸੈਕਟਰ 17 ਸੀ ’ਚ ਸਥਿਤ ਬਰਾਂਚ ’ਚ ਇਸ ਫੰਡ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਤੌਰ ’ਤੇ ਖੋਲੇ ਗਏ ਸੇਵਿੰਗ ਅਕਾਉਟ ਨੰਬਰ 50100333026124 ’ਚ ਸਿੱਧੀ ਆਰਥਿਕ ਮਦਦ ਭੇਜ ਸਕਦੇ ਹਨ। ਉਨਾਂ ਕਿਹਾ ਕਿ ਇਸ ਖਾਤੇ ’ਚ ਪੈਸੇ ਆਨਲਾਈਨ ਟਰਾਂਸਫ਼ਰ ਵੀ ਕੀਤੇ ਜਾ ਸਕਦੇ ਹਨ ਜਿਸ ਲਈ ਆਈ.ਐਫ਼.ਐਸ.ਸੀ. ਕੋਡ HDFC0000213, ਸਵਿਫ਼ਟ ਕੋਡ HDFCINBB ਅਤੇ ਬਰਾਂਚ ਕੋਡ 0213 ਹੈ। ਉਨਾਂ ਭਰੋਸਾ ਦਵਾਇਆ ਕਿ ਲੋਕਾਂ ਵੱਲੋਂ ਦਿੱਤਾ ਗਿਆ ਯੋਗਦਾਨ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ ਅਤੇ ਆਫ਼ਤ ਦੀ ਇਸ ਘੜੀ ਵਿਚ ਲੋਕ ਖੁੱਲਦਿਲੀ ਨਾਲ ਗਰੀਬਾਂ ਦੀ ਮਦਦ ਲਈ ਅੱਗੇ ਆਉਣ।

Share this Article
Leave a comment