ਅੰਮ੍ਰਿਤਸਰ : ਸੂਬੇ ਅੰਦਰ ਅਜ਼ਾਦੀ ਦਿਹਾੜਾ ਅਤੇ ਰੱਖੜ ਪੁੰਨਿਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕਈ ਥਾਵੀਂ ਸਿਆਸਤਦਾਨਾਂ ਦੀਆਂ ਕਾਨਫਰੰਸਾਂ ਵੀ ਹੋਈਆਂ। ਇਸੇ ਸਿਲਸਿਲੇ ਤਹਿਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਾਨਫਰੰਸ ਕੀਤੀ। ਇਸ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਛੋਟੇ ਬਾਦਲ ਨੇ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਲੰਮੇਂ ਹੱਥੀਂ ਲਿਆ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੂਬੇ ਅੰਦਰ ਨਸ਼ਾ ਕਾਂਗਰਸੀ ਅਤੇ ਪੁਲਿਸ ਵਾਲੇ ਮਿਲ ਕੇ ਵਿਕਾ ਰਹੇ ਹਨ ਇਹੀ ਕਾਰਨ ਹੈ ਸੂਬੇ ‘ਚ ਨਸ਼ਾ ਖਤਮ ਨਹੀਂ ਹੋ ਰਿਹਾ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਬੇਅਦਬੀ ਕੀਤੀ ਹੈ। ਸੁਖਬੀਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਕੋਲ ਤਾਂ ਕੌਮਾਂਤਰੀ ਨਗਰ ਕੀਰਤਨ ਦਾ ਸਵਾਗਤ ਕਰਨ ਦਾ ਵੀ ਸਮਾਂ ਨਹੀਂ ਹੈ। ਇੱਥੇ ਹੀ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਜਿਹੜਾ ਵੀ ਵਿਕਾਸ ਹੋਇਆ ਹੈ ਉਹ ਕੇਵਲ ਤੇ ਕੇਵਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਹੋਇਆ ਹੈ।