ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਪਹਿਲੇ ਪੜਾਅ ਵਿੱਚ 650 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਵੀਨੀਕਰਨ ਦੀ ਯੋਜਨਾ ਨੂੰ ਪ੍ਰਵਾਨਗੀ

TeamGlobalPunjab
2 Min Read

ਚੰਡੀਗੜ੍ਹ  : ਲੁਧਿਆਣਾ ਦੇ ਅਤਿ ਪ੍ਰਦੂਸ਼ਿਤ ਬੁੱਢੇ ਨਾਲੇ ਦੇ ਨਵੀਨੀਕਰਨ ਦੀ ਮੁਹਿੰਮ ਤਹਿਤ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਨਵੀਨੀਕਰਨ ਲਈ ਪਹਿਲੇ ਪੜਾਅ ਵਿੱਚ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ।

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਵਿਸਥਾਰ ਵਿੱਚ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੱਤਵਪੂਰਨ ਯੋਜਨਾ ਤਹਿਤ 275 ਐਮ.ਐਲ.ਡੀ. ਦੀ ਸਮਰੱਥਾ ਵਾਲਾ ਵਾਧੂ ਸੀਵਰੇਜ ਟਰੀਟਮੈਂਟ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਾਲ ਜੁੜਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਜਿਸ ਨਾਲ ਬੁੱਢੇ ਨਾਲ ਦੀ ਸਮੱਸਿਆ ਅਤੇ ਸਤਲੁਜ ਦਰਿਆ ਵਿੱਚ ਪੈਂਦੇ ਪ੍ਰਦੂਸ਼ਣ ਦਾ ਪੱਕਾ ਹੱਲ ਨਿਕਲੇਗਾ।

ਮੰਤਰੀ ਮੰਡਲ ਨੇ ਇਹ ਵੀ ਫੈਸਲਾ ਕੀਤਾ ਕਿ ਸ਼ਹਿਰੀ ਖੇਤਰਾਂ ਵਿੱਚ ਜਲ ਸਪਲਾਈ ਤੇ ਵਾਤਾਵਰਣ ਸੁਧਾਰ ਦੇ ਪ੍ਰੋਗਰਾਮਾਂ ਲਈ ਫੰਡ ਇਕੱਤਰ ਕਰਨ ਲਈ ਸ਼ਹਿਰੀ ਜਾਇਦਾਦਾਂ ਦੀ ਖਰੀਦ ਤੇ ਵੇਚ ਉਪਰ ਇਕ ਫੀਸਦੀ ਵਾਧੂ ਸਟੈਂਪ ਡਿਊਟੀ ਲਾਈ ਜਾਵੇ।

ਇਹ ਗੱਲ ਯਾਦ ਰੱਖਣਯੋਗ ਹੈ ਕਿ ਬੁੱਢੇ ਨਾਲੇ ਵਿੱਚ ਪੈਂਦਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਲਈ ਵੱਡਾ ਖਤਰਾ ਹੈ। ਨਾਲੇ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਉਦਯੋਗਾਂ, ਡੇਅਰੀਆਂ ਅਤੇ ਹੋਰ ਝੁੱਗੀ ਝੌਪੜੀਆਂ/ਰਿਹਾਇਸ਼ੀ ਖੇਤਰਾਂ ਵੱਲੋਂ ਨਾਲੇ ਵਿੱਚ ਸਿੱਧਾ ਵਹਾਅ ਹੈ। ਯੂ.ਏ.ਐਸ.ਬੀ. ਤਕਨਾਲੋਜੀ ਰਾਹੀਂ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟਾਂ ਰਾਹ ਸੁਧਾਈ ਨਾਲੇ ਲਈ ਲੋੜੀਦੀ ਗੁਣਵੱਤਾ ਦੀ ਜ਼ਰੂਰਤ ਪੂਰੀ ਨਹੀ ਕਰਦਾ ਅਤੇ ਮੌਜੂਦਾ ਵਹਾਅ ਨੂੰ ਲਿਜਾਣ ਲਈ ਸੀਵਰੇਜ ਸਿਸਟਮ ਦੀ ਸਮਰੱਥਾ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਨਾਕਾਫੀ ਹੈ।

- Advertisement -

ਸੂਬੇ ਵਿੱਚ ਨਾਲਿਆਂ, ਨਦੀਆਂ ਵਿੱਚ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਂਦਿਆ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪਹਿਲਾਂ ਹੀ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।

ਜ਼ਿਕਰਯੋਗ ਹੈ ਕਿ ਬੁੱਢਾ ਨਾਲਾ ਸਤਲੁਜ ਦਰਿਆ ਦੀ ਮੌਸਮੀ ਸਹਾਇਕ ਨਦੀ ਹੈ ਜਿਹੜਾ ਘੁਮੈਤ ਤੇ ਕੁੰਮ ਕਲਾਂ ਪਿੰਡਾਂ ਨੇੜੇ ਕੁੰਮ ਲਿੰਕ ਡਰੇਨ ਤੇ ਨੀਲੋਂ ਡਰੇਨ ਦੇ ਸੰਗਮ ਵਿੱਚੋਂ ਨਿਕਲਦਾ ਹੋਇਆ ਦਰਿਆ ਦੀ ਪੂਰਬੀ-ਪੱਛਮੀ ਦਿਸ਼ਾ ਵੱਲ ਵਹਿੰਦਾ ਹੈ। ਇਸ ਨਾਲੇ ਦੀ ਕੁੱਲ ਲੰਬਾਈ 47.55 ਕਿਲੋ ਮੀਟਰ ਹੈ ਅਤੇ ਲੁਧਿਆਣਾ ਸ਼ਹਿਰ ਵਿੱਚੋਂ ਨਿਕਲਦਾ ਹੋਇਆ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਸ਼ਹਿਰ ਵਿੱਚੋਂ ਗੁਜ਼ਰਨ ਦੀ ਇਸ ਦੀ ਲੰਬਾਈ 14 ਕਿਲੋਮੀਟਰ ਹੈ।

Share this Article
Leave a comment